ਕੈਲਗਰੀ ਦੇ ਸਕੂਲ ''ਚ ਸਟਾਫ ਮੈਂਬਰ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ
Wednesday, Sep 02, 2020 - 02:12 PM (IST)
ਕੈਲਗਰੀ- ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ ਬੰਦ ਕੀਤੇ ਗਏ ਸਕੂਲ ਖੁੱਲ੍ਹ ਗਏ ਹਨ। ਓਕੋਟੋਕਸ ਦੇ ਮੀਡੋਅ ਰਿੱਜ ਸਕੂਲ ਵਿਚ ਇਕ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ, ਜਿਸ ਕਾਰਨ ਸਕੂਲ ਬੰਦ ਰੱਖਿਆ ਗਿਆ।
ਦੱਖਣੀ ਕੈਲਗਰੀ ਵਿਚ ਪੈਂਦੇ ਇਸ ਸਕੂਲ ਵਿਚ ਸਫਾਈ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਹਾਲਾਂਕਿ ਅਲਬਰਟਾ ਸਿਹਤ ਸੇਵਾ ਵਲੋਂ ਸਲਾਹ ਦਿੱਤੀ ਗਈ ਹੈ ਕਿ ਬੱਚੇ ਸੁਰੱਖਿਅਤ ਢੰਗ ਨਾਲ ਸਕੂਲ ਜਾ ਸਕਦੇ ਹਨ ਪਰ ਸਕੂਲ ਨੇ ਸਮੈਸਟਰ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਸਕੂਲ ਨੇ ਕਿਹਾ ਕਿ ਮਾਪਿਆਂ ਨੂੰ ਅਗਲੀ ਜਾਣਕਾਰੀ ਜਲਦੀ ਭੇਜੀ ਜਾਵੇਗੀ।
ਸਕੂਲ ਪ੍ਰਸ਼ਾਸਨ ਨੇ ਦੱਸਿਆ ਕਿ ਸਟਾਫ ਮੈਂਬਰ ਸ਼ਾਮ 6 ਵਜੇ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਤੇ ਰਾਤ 10.30 ਵਜੇ ਤੱਕ ਟਰੇਸਿੰਗ ਕੀਤੀ ਗਈ। ਇਸ ਮਗਰੋਂ ਸਕੂਲ ਨੇ ਆਪਣੀ ਕਲਾਸ ਰੱਦ ਕਰਨ ਦਾ ਫੈਸਲਾ ਲਿਆ। ਇਕ ਪੱਤਰ ਵਿਚ ਜਾਣਕਾਰੀ ਦਿੱਤੀ ਗਈ ਕਿ ਸਟਾਫ ਮੈਂਬਰ ਦੁਪਹਿਰ ਸਮੇਂ ਕਿੰਡਰਗਾਰਟਨ ਤੋਂ 9ਵੀਂ ਗਰੇਡ ਦੇ ਸਕੂਲ ਵਿਚ ਮੌਜੂਦ ਸੀ ਅਤੇ ਸ਼ਾਮ ਸਮੇਂ ਉਸ ਵਿਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ। ਇਸ ਮਗਰੋਂ ਉਸ ਦਾ ਟੈਸਟ ਕਰਵਾਇਆ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਕੂਲ ਵਿਚ ਸ਼ਾਮ ਸਮੇਂ ਤੋਂ ਹੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਸੀ, ਜਿਨ੍ਹਾਂ ਥਾਵਾਂ 'ਤੇ ਇਹ ਸਟਾਫ ਮੈਂਬਰ ਗਿਆ ਸੀ, ਉਸ ਨੂੰ ਚੰਗੀ ਤਰ੍ਹਾਂ ਸਾਫ ਕਰਵਾ ਲਿਆ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਟਾਫ ਮੈਂਬਰ ਜਲਦੀ ਤੰਦਰੁਸਤ ਹੋਵੇ।