ਉੱਤਰੀ ਕੈਰੋਲੀਨਾ ਦੀਆਂ ਜੇਲ੍ਹਾਂ ਨੇ ਸ਼ੁਰੂ ਕੀਤਾ ਕੈਦੀਆਂ ਅਤੇ ਸਟਾਫ਼ ਦਾ ਕੋਰੋਨਾ ਟੀਕਾਕਰਨ

Saturday, Jan 23, 2021 - 08:43 AM (IST)

ਉੱਤਰੀ ਕੈਰੋਲੀਨਾ ਦੀਆਂ ਜੇਲ੍ਹਾਂ ਨੇ ਸ਼ੁਰੂ ਕੀਤਾ ਕੈਦੀਆਂ ਅਤੇ ਸਟਾਫ਼ ਦਾ ਕੋਰੋਨਾ ਟੀਕਾਕਰਨ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਵਾਇਰਸ ਟੀਕਾਕਰਨ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਜਾਰੀ ਹੈ । ਇਸੇ ਲੜੀ ਤਹਿਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਕੈਰੋਲੀਨਾ ਸੂਬੇ ਦੀ ਜੇਲ੍ਹ ਪ੍ਰਣਾਲੀ ਨੇ ਬੁੱਧਵਾਰ ਨੂੰ ਕੋਰੋਨਾ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਸੂਬੇ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਸ ਟੀਕਾਕਰਨ ਮੁਹਿੰਮ ਲਈ ਉਨ੍ਹਾਂ ਨੂੰ ਮੋਡੇਰਨਾ ਟੀਕੇ ਦੀਆਂ ਲਗਭਗ 1000 ਖੁਰਾਕਾਂ ਮਿਲੀਆਂ ਹਨ। 

ਇਹ ਟੀਕੇ ਜੇਲ੍ਹ ਦੇ ਸਿਹਤ ਦੇਖਭਾਲ ਕਰਮਚਾਰੀਆਂ, ਕੋਰੋਨਾ ਪਾਜ਼ੀਟਿਵ ਰਿਹਾਇਸ਼ੀ ਇਕਾਈਆਂ ਵਿਚ ਕੰਮ ਕਰ ਰਹੇ ਸਟਾਫ਼, ਸੰਕ੍ਰਮਿਤ ਕੈਦੀਆਂ ਨਾਲ ਕੰਮ ਕਰਨ ਵਾਲੇ ਕਾਮਿਆਂ ਅਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੈਦੀਆਂ ਨੂੰ ਦਿੱਤੇ ਜਾਣਗੇ। ਜਦਕਿ ਇਸ ਦੀ ਅਗਲੀ ਕਤਾਰ ਵਿਚ ਉਪਲੱਬਧਤਾ ਦੇ ਆਧਾਰ 'ਤੇ 65 ਅਤੇ ਇਸ ਤੋਂ ਵੱਧ ਉਮਰ ਦੇ ਕੈਦੀ ਸ਼ਾਮਿਲ ਹੋਣਗੇ। "ਯੂ. ਸੀ. ਐੱਲ. ਏ. ਕੋਵਿਡ-19 ਬਿਹਾਂਈਡ ਬਾਰ ਡਾਟਾ ਪ੍ਰੋਜੈਕਟ" ਅਨੁਸਾਰ, ਦੇਸ਼ ਭਰ ਦੇ ਕੈਦੀਆਂ ਵਿਚਕਾਰ ਤਕਰੀਬਨ 3,55,000 ਤੋਂ ਵੱਧ ਵਾਇਰਸ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 2,080 ਤੋਂ ਵੱਧ ਮੌਤਾਂ ਵੀ ਹੋਈਆਂ ਹਨ। 

ਇਸ ਦੇ ਇਲਾਵਾ 79,000 ਤੋਂ ਵੱਧ ਜੇਲ੍ਹ ਕਰਮਚਾਰੀਆਂ ਦੇ ਵਾਇਰਸ ਨਾਲ ਬੀਮਾਰ ਹੋਣ ਦੇ ਇਲਾਵਾ 126 ਮੌਤਾਂ ਵੀ ਹੋਈਆਂ ਹਨ। ਇਕੱਲੇ ਉੱਤਰੀ ਕੈਰੋਲੀਨਾ ਵਿਚ ਹੀ ਕੈਦੀਆਂ ਦੇ ਲਗਭਗ 9,414 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਸੂਬੇ ਦੀਆਂ ਜੇਲ੍ਹਾਂ ਵਿਚ 29,000 ਤੋਂ ਵੱਧ ਕੈਦੀ ਨਜ਼ਰਬੰਦ ਹਨ। ਇਸ ਮੁਹਿੰਮ ਦੌਰਾਨ ਸੂਬੇ ਦੀਆਂ ਚਾਰ ਜੇਲ੍ਹਾਂ ਕੇਂਦਰੀ ਜੇਲ੍ਹ , ਮੌਰੀ, ਅਲੈਗਜ਼ੈਂਡਰ ਅਤੇ ਸਕਾਟਲੈਂਡ ਸੁਧਾਰ ਸੰਸਥਾਵਾਂ ਟੀਕਾਕਰਨ ਕੇਂਦਰਾਂ ਵਜੋਂ ਵਰਤੀਆਂ ਜਾਣਗੀਆਂ ਅਤੇ ਹਰ ਇੱਕ ਜੇਲ੍ਹ ਵਿਚ ਹੈਲਥ ਕੇਅਰ ਸਟਾਫ਼ ਸ਼ੁਰੂਆਤ ਵਿਚ ਟੀਕਾ ਲਗਵਾਏਗਾ ਪਰ ਭਵਿੱਖ ਵਿਚ ਨਰਸਾਂ ਅਤੇ ਸਟਾਫ਼ ਦੁਆਰਾ ਬਣੀ "ਵੈਕਸੀਨ ਸਟਰਾਈਕ ਟੀਮ" ਦੁਆਰਾ ਟੀਕਾ ਲਗਾਇਆ ਜਾਵੇਗਾ।
 


author

Lalita Mam

Content Editor

Related News