ਸਾਵਧਾਨ! ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਭਿਆਨਕ ਹੋ ਸਕਦੈ ਓਮੀਕਰੋਨ
Monday, Dec 20, 2021 - 05:13 PM (IST)
ਲੰਡਨ (ਭਾਸ਼ਾ) : ਬ੍ਰਿਟੇਨ ਵਿਚ ਕੀਤੇ ਗਏ ਇਕ ਅਧਿਐਨ ਮੁਤਾਬਕ ਇਸ ਬਾਰੇ ਵਿਚ ‘ਕੋਈ ਸਬੂਤ ਨਹੀਂ’ ਹੈ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ, ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਘੱਟ ਭਿਆਨਕ ਹੈ। ਇਸ ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਨਵਾਂ ਵੇਰੀਐਂਟ (ਓਮੀਕਰੋਨ) ਪਿਛਲੇ ਸੰਕਰਮਣ ਜਾਂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਤੋਂ ਮਿਲੀ ਇਮਿਊਨਿਟੀ ਨੂੰ ਵੱਡੇ ਪੈਮਾਨੇ ’ਤੇ ਚਕਮਾ ਦਿੰਦਾ ਹੈ। ਬ੍ਰਿਟੇਨ ਵਿਚ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨ ਵਿਚ ਇਹ ਅੰਦਾਜ਼ਾ ਲਗਾਇਆ ਗਿਆ ਕਿ ਓਮੀਕਰੋਨ ਵੇਰੀਐਂਟ ਤੋਂ ਫਿਰ ਪੀੜਤ ਹੋਣ ਦਾ ਖ਼ਤਰਾ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ 5.4 ਗੁਣਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਪਿਛਲੇ ਸੰਕਰਮਣ ਤੋਂ ਮਿਲੀ ਸੁਰੱਖਿਆ ਨੂੰ ਓਮੀਕਰੋਨ 19 ਫ਼ੀਸਦੀ ਤੱਕ ਘੱਟ ਕਰ ਸਕਦਾ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ: ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾਏਗਾ ਇਜ਼ਰਾਇਲ
ਅਧਿਐਨ ਦੇ ਲੇਖਕਾਂ ਨੇ ਕਿਹਾ, ‘ਅਧਿਐਨ ਵਿਚ ਓਮੀਕਰੋਨ ਦੇ ਡੈਲਟਾ ਵੇਰੀਐਂਟ ਤੋਂ ਘੱਟ ਗੰਭੀਰ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ, ਭਾਵੇਂ ਕਿਉਂ ਨਾ ਇਹ ਜਾਂਚ ਵਿਚ ਸੰਕ੍ਰਮਿਤ ਪਾਏ ਜਾਣ ਵਾਲੇ ਲੋਕਾਂ ਦੇ ਅਨੁਪਾਤ ਦੇ ਆਧਾਰ ’ਤੇ ਹੋਵੇ, ਜੋ ਲੱਛਣਾਂ ਦੀ ਜਾਣਕਾਰੀ ਦਿੰਦੇ ਹਨ, ਜਾਂ ਸੰਕਰਮਣ ਦੇ ਬਾਅਦ ਹਸਪਤਾਲ ਵਿਚ ਦੇਖ਼ਭਾਲ ਕਰਨ ਵਾਲੇ ਮਾਮਲਿਆਂ ਦੇ ਅਨੁਪਾਤ ਦੇ ਆਧਾਰ ਤੈਅ ਕੀਤੇ ਗਏ ਹੋਣ।’ ਉਨ੍ਹਾਂ ਕਿਹਾ, ‘ਹਾਲਾਂਕਿ ਹਸਪਤਾਲ ਵਿਚ ਭਰਤੀ ਹੋਣ ਸਬੰਧੀ ਅੰਕੜੇ ਇਸ ਸਮੇਂ ਬਹੁਤ ਘੱਟ ਹਨ।’
ਅਧਿਐਨ ਵਿਚ ਇੰਗਲੈਂਡ ਦੇ ਸਾਰੇ ਪੀ.ਸੀ.ਆਰ. ਟੈਸਟਾਂ ਤੋਂ ਪੁਸ਼ਟੀ ਕੀਤੇ ਗਏ ਸਾਰਸ-ਕੋਵ-2 ਦੇ ਸਾਰੇ ਮਾਮਲਿਆਂ ਦੇ ਡਾਟਾ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਦੀ 29 ਨਵੰਬਰ ਅਤੇ 11 ਦਸੰਬਰ 2021 ਦਰਮਿਆਨ ਕੋਵਿਡ-19 ਦੀ ਜਾਂਚ ਕੀਤੀ ਗਈ ਸੀ। ਖੋਜ ਵਿਚ ‘ਐਸ ਜੀਨ ਟਾਰਗੇਟ ਫਲੇਅਰ’ (ਐਸ.ਜੀ.ਟੀ.ਐਫ.) ਦੇ ਕਾਰਨ ਓਮੀਕਰੋਨ ਨਾਲ ਪੀੜਤ ਹੋਣ ਵਾਲੇ ਲੋਕਾਂ ਦੇ ਨਾਲ-ਨਾਲ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਵਿਚ ਜੀਨੋਟਾਈਪ ਡਾਟਾ ਨਾਲ ਓਮੀਕਰੋਨ ਸੰਕਰਮਣ ਦੀ ਪੁਸ਼ਟੀ ਹੋਈ। ਇਹ ਅਧਿਐਨ ਅਜੇ ਪ੍ਰਕਾਸ਼ਿਤ ਹੋਣਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।