ਨਿਊਜ਼ੀਲੈਂਡ ਜਨਵਰੀ 2022 ਤੋਂ ਹੌਲੀ-ਹੌਲੀ ਖੋਲ੍ਹੇਗਾ ਸਰਹੱਦਾਂ
Wednesday, Nov 24, 2021 - 06:19 PM (IST)

ਵੈਲਿੰਗਟਨ (ਏਐਨਆਈ): ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਮੁਤਾਬਕ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਨਿਊਜ਼ੀਲੈਂਡ ਦੇ ਲੋਕਾਂ ਲਈ ਜਨਵਰੀ 2022 ਤੋਂ ਘਰ ਆਉਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਵਿਦੇਸ਼ੀ ਨਾਗਰਿਕਾਂ ਲਈ ਅਪ੍ਰੈਲ ਤੋਂ ਬਾਅਦ ਆਉਣਾ ਆਸਾਨ ਹੋ ਜਾਵੇਗਾ, ਕਿਉਂਕਿ ਸਰਕਾਰ ਜ਼ਿਆਦਾਤਰ ਯਾਤਰੀਆਂ ਲਈ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ (MIQ) ਦੀ ਲੋੜ ਨੂੰ ਹਟਾ ਦੇਵੇਗੀ। ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਿਊਜ਼ੀਲੈਂਡ ਆਉਣ ਵਾਲੇ ਮਹੀਨਿਆਂ ਵਿੱਚ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹੇਗਾ। ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਜਨਵਰੀ ਤੋਂ ਵਿਸਥਾਪਿਤ ਨਿਵਾਸੀਆਂ ਦੀ ਵਾਪਸੀ ਅਤੇ ਅਪ੍ਰੈਲ ਤੋਂ ਸੈਲਾਨੀਆਂ ਦੇ ਆਉਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਸਮੇਤ ਕੁਝ ਦੇਸ਼ਾਂ ਨੂੰ ਉੱਚ ਜੋਖਮ ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਰਿਹਾ ਹੈ, ਜਿਸ ਨਾਲ ਇਨ੍ਹਾਂ ਦੇਸ਼ਾਂ ਦੇ ਲੋਕ ਨਿਊਜ਼ੀਲੈਂਡ ਆ ਸਕਣਗੇ।ਕੋਵਿਡ -19 ਮਹਾਮਾਰੀ ਫੈਲਣ 'ਤੇ ਦੱਖਣੀ ਪ੍ਰਸ਼ਾਂਤ ਦੇਸ਼ ਨੇ ਸਖ਼ਤ ਸਰਹੱਦੀ ਪਾਬੰਦੀਆਂ ਲਗਾਈਆਂ, ਸੈਲਾਨੀਆਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਅਤੇ ਵਾਪਸ ਪਰਤਣ ਵਾਲੇ ਵਸਨੀਕਾਂ ਲਈ ਫ਼ੌਜ ਦੁਆਰਾ ਸੰਚਾਲਿਤ ਆਈਸੋਲੇਸ਼ਨ ਸਹੂਲਤ ਵਿੱਚ ਦੋ ਹਫ਼ਤੇ ਬਿਤਾਉਣਾ ਲਾਜ਼ਮੀ ਕਰ ਦਿੱਤਾ। ਮਹਾਮਾਰੀ ਦੇ ਪਹਿਲੇ 18 ਮਹੀਨਿਆਂ ਵਿੱਚ ਸਰਹੱਦੀ ਪਾਬੰਦੀਆਂ ਨੂੰ ਨਿਊਜ਼ੀਲੈਂਡ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਬਣਾਉਣ ਲਈ ਅਹਿਮ ਮੰਨੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਹੋਵੇਗਾ 'ਟੀਕਾਕਰਨ'
ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਸਰਕਾਰ ਨੇ ਮਹਾਮਾਰੀ ਵਿੱਚ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਮੁਸ਼ਕਲ ਫ਼ੈਸਲੇ ਲਏ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਹਿਮਤ ਹਾਂ ਕਿ ਇਹ ਬਹੁਤ ਮੁਸ਼ਕਲ ਰਿਹਾ। ਕਈ ਪਰਿਵਾਰ ਵਿਛੜ ਗਏ। ਲੋਕਾਂ ਨੂੰ ਅਜਿਹੀਆਂ ਥਾਵਾਂ 'ਤੇ ਰਹਿਣਾ ਪਿਆ, ਜਿੱਥੇ ਉਹ ਜ਼ਿਆਦਾ ਦੇਰ ਨਹੀਂ ਰਹਿਣਾ ਚਾਹੁੰਦੇ ਸਨ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਨ੍ਹਾਂ ਪਾਬੰਦੀਆਂ ਦਾ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਕੀ ਅਸਰ ਪਿਆ ਹੈ। ਸਰਕਾਰ ਦੀ ਯੋਜਨਾ ਦੇ ਤਹਿਤ ਦੇਸ਼ ਵਿਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਘੱਟੋ-ਘੱਟ 7 ਦਿਨਾਂ ਲਈ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ। ਐਂਟੀ ਕੋਵਿਡ-19 ਦੀ ਪੂਰੀ ਖੁਰਾਕ ਲਗਵਾ ਚੁੱਕੇ ਨਿਊਜ਼ੀਲੈਂਡ ਦੇ ਲੋਕ 16 ਜਨਵਰੀ, 2022 ਤੋਂ ਸਵੈ-ਆਈਸੋਲੇਸ਼ਨ ਦੇ ਬਿਨਾਂ ਆਸਟ੍ਰੇਲੀਆ ਤੋਂ ਪਰਤ ਸਕਣਗੇ ਅਤੇ 13 ਫਰਵਰੀ, 2022 ਤੋਂ ਬਾਅਦ ਦੂਜੇ ਦੇਸ਼ਾਂ ਤੋਂ ਵਾਪਸ ਆ ਸਕਣਗੇ। ਸੈਲਾਨੀਆਂ ਅਤੇ ਹੋਰ ਯਾਤਰੀਆਂ ਲਈ 30 ਅਪ੍ਰੈਲ, 2022 ਤੋਂ ਵੱਖ-ਵੱਖ ਪੜਾਵਾਂ ਵਿਚ ਦੇਸ਼ ਵਿਚ ਦਾਖਲੇ ਦੇ ਦਰਵਾਜ਼ੇ ਖੋਲ੍ਹੇ ਜਾਣਗੇ।
ਹਿਪਕਿਨਜ਼ ਮੁਤਾਬਕ ਆਪਣੀ ਸਰਹੱਦ ਨੂੰ ਬੰਦ ਕਰਨਾ ਸਾਡੇ ਦੇਸ਼ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਚੁੱਕੇ ਗਏ ਪਹਿਲੇ ਕਦਮਾਂ ਵਿੱਚੋਂ ਇੱਕ ਸੀ। ਹਿਪਕਿਨਜ਼ ਨੇ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਹੈ ਕਿ ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਹੁਣ ਵਧੇਰੇ ਸਧਾਰਣਤਾ ਵੱਲ ਵਧਣ ਦੀ ਸਥਿਤੀ ਵਿੱਚ ਹਾਂ। ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਕੋਵਿਡ-19 ਡੈਲਟਾ ਵੇਰੀਐਂਟ ਦੇ 215 ਨਵੇਂ ਕਮਿਊਨਿਟੀ ਕੇਸਾਂ ਦੀ ਰਿਪੋਰਟ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।