ਨਿਊਜ਼ੀਲੈਂਡ ਨੇ ਪਹਿਲੀ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
Wednesday, Feb 10, 2021 - 06:22 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਨੇ ਰਸਮੀ ਤੌਰ 'ਤੇ ਫਾਈਜ਼ਰ/ਬਾਇਓਨਟੈਕ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਕ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਦੱਸਿਆ ਕਿ ਸਰਹੱਦ 'ਤੇ ਕੰਮ ਕਰ ਰਹੇ ਵਰਕਰਾਂ ਅਤੇ ਜਿਹਨਾਂ ਨਾਲ ਉਹ ਰਹਿੰਦੇ ਹਨ, ਉਹਨਾਂ ਨੂੰ ਇਹ ਵੈਕਸੀਨ ਪਹਿਲਾਂ ਦਿੱਤੀ ਜਾਵੇਗੀ।
ਹਿਪਕਿਨਜ਼ ਨੇ ਅੱਗੇ ਕਿਹਾ ਕਿ ਸਫਾਈ ਕਰਮੀਆਂ ਅਤੇ ਨਰਸਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲਗਾਈ ਜਾਵੇਗੀ। ਇਹਨਾਂ ਦੇ ਇਲਾਵਾ ਸਿਕਓਰਿਟੀ ਸਟਾਫ, ਕਸਟਮ ਅਤੇ ਬਾਰਡਰ 'ਤੇ ਤਾਇਨਾਤ ਅਧਿਕਾਰੀਆਂ ਦੇ ਨਾਲ ਏਅਰਲਾਈਨ ਸਟਾਫ ਅਤੇ ਹੋਟਲ ਵਰਕਰਾਂ ਨੂੰ ਵੀ ਵੈਕਸੀਨ ਦੀ ਖੁਰਾਕ ਪਹਿਲੇ ਪੜਾਅ ਵਿਚ ਲਗਾਈ ਜਾਵੇਗੀ। ਮੰਤਰੀ ਮੁਤਾਬਕ ਪਿਛਲੇ ਹਫਤੇ ਨਿਊਜ਼ੀਲੈਂਡ ਦੀ ਮੈਡੀਕਲ ਰੈਗੂਲੇਟਰੀ ਬੌਡੀ ਮੈਡਸਾਫੇ ਦੁਆਰਾ ਆਰਜ਼ੀ ਪ੍ਰਵਾਨਗੀ ਤੋਂ ਬਾਅਦ, ਹੁਣ ਸਰਕਾਰ ਵੱਲੋਂ ਰਸਮੀ ਪ੍ਰਵਾਨਗੀ ਦਿੱਤੀ ਜਾਣੀ ਕਿ ਨਿਊਜ਼ੀਲੈਂਡ ਵਾਸੀਆਂ ਲਈ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ, ਇਸ ਫ਼ੈਸਲੇ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਵਿਚ ਇਕ ਹੋਰ ਮਹੱਤਵਪੂਰਨ ਕਦਮ ਦਰਸਾਉਂਦੀ ਹੈ।
ਪੜ੍ਹੋ ਇਹ ਅਹਿਮ ਖਬਰ - ਸ਼ਾਨਦਾਰ ਨਜ਼ਾਰਾ, ਕਜ਼ਾਕਿਸਤਾਨ 'ਚ ਬਣਿਆ 'ਆਈਸ ਵੋਲਕੈਨੋ' (ਤਸਵੀਰਾਂ ਤੇ ਵੀਡੀਓ)
ਮੰਤਰੀ ਮੁਤਾਬਕ, ਸਰਕਾਰ ਇਹ ਵੀ ਮੰਨਦੀ ਹੈ ਕਿ ਸਾਡੇ 14.91 ਮਿਲੀਅਨ ਕੋਰਸਾਂ ਦੇ ਪੋਰਟਫੋਲੀਓ ਵਿਚਲੇ ਹੋਰ ਟੀਕੇ ਵਿਚਾਰਨ ਲਈ ਇਸ ਦਿਸ਼ਾ ਵਿਚ ਹੋਰ ਵਿਸਥਾਰ ਨਾਲ ਵਿਚਾਰ ਕਰਨਾ ਪਵੇਗਾ। ਸਾਡੇ ਪੋਰਟਫੋਲੀਓ ਦੇ ਹਿੱਸੇ ਵਜੋਂ, ਅਸੀਂ ਫਾਈਜ਼ਰ ਕੋਵਿਡ-19 ਟੀਕੇ ਦੇ 750,000 ਕੋਰਸਾਂ ਨੂੰ ਐਡਵਾਂਸ ਖਰੀਦ ਸਮਝੌਤੇ ਦੁਆਰਾ ਪ੍ਰਾਪਤ ਕੀਤਾ ਹੈ ਅਤੇ ਅਸੀਂ ਕੋਵੈਕਸ ਸੁਵਿਧਾ ਦੁਆਰਾ ਥੋੜ੍ਹੀ ਜਿਹੀ ਹੋਰ ਵੰਡ ਦੀ ਮੰਗ ਕਰ ਰਹੇ ਹਾਂ। ਉਹਨਾਂ ਨੇ ਪੁਸ਼ਟੀ ਕੀਤੀ ਕਿ ਵਾਤਾਵਰਣ ਬਚਾਓ ਅਥਾਰਟੀ (ਈਪੀਏ) ਦੁਆਰਾ ਇਸ ਟੀਕੇ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਦੇਸ਼ ਵਿਚ ਵਰਤੋਂ ਲਈ ਇਸ ਦੀ ਮਨਜ਼ੂਰੀ ਮਿਲ ਗਈ ਹੈ।ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਦੇ ਪੁਸ਼ਟੀਕਰਣ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 2,324 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 25 ਹੈ।
ਜ਼ਿਕਰਯੋਗ ਹੈ ਕਿ 2019 ਦੇ ਅਖੀਰ ਵਿਚ ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ ਕੁੱਲ ਮਾਮਲਿਆਂ ਦਾ ਅੰਕੜਾ 10 ਕਰੋੜ 68 ਲੱਖ ਦੇ ਪਾਰ ਜਾ ਚੁੱਕਾ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ 23 ਲੱਖ 30 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਹ ਡਾਟਾ ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਨੇ ਜਾਰੀ ਕੀਤਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਵਿਚੋਂ ਅਮਰੀਕਾ ਵਿਚ ਹਾਲਾਤ ਬਦਤਰ ਹਨ। ਇੱਥੇ ਹੁਣ ਤੱਕ ਕੁਲ ਪੀੜਤਾਂ ਦੀ ਗਿਣਤੀ 27,189,188 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 488,103 ਹੈ।
ਨੋਟ- ਨਿਊਜ਼ੀਲੈਂਡ ਦੇ ਪਹਿਲੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ 'ਤੇ ਕੁਮੈਂਟ ਕਰ ਦਿਓ ਰਾਏ।