ਵੈਨਕੂਵਰ ਸਰੀ ਤੇ ਹੋਰਨਾਂ ਸ਼ਹਿਰਾਂ ''ਚ ਵੀ ਧੂਮ ਧੜੱਕੇ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ
Thursday, Jan 01, 2026 - 11:54 PM (IST)
ਵੈਨਕੂਵਰ (ਮਲਕੀਤ ਸਿੰਘ) - ਭੁਗੋਲਕ ਪੱਖੋਂ ਧਰਤੀ ਦੀ ਅਖੀਰਲੀ ਨੁੱਕਰ ਵਿਚ ਵਸਦੇ ਕੈਨੇਡਾ ਦੇ ਸ਼ਹਿਰ ਵੈਨਕੂਵਰ, ਸਰੀ, ਐਬਸਫੋਰਡ ਅਤੇ ਨੇੜਲੇ ਇਲਾਕਿਆਂ 'ਚ ਵੀ ਨਵੇਂ ਸਾਲ 2026 ਦੀ ਆਮਦ ਮੌਕੇ ਦੇਰ ਰਾਤ ਤੱਕ ਜਸ਼ਨਾਂ ਵਾਲਾ ਮਾਹੌਲ ਸਿਰਜਿਆ ਵੇਖਿਆ ਗਿਆ।
ਜ਼ਿਕਰਯੋਗ ਹੈ ਕਿ ਜਿਵੇਂ ਚੜਦੇ ਸੂਰਜ ਦੀ ਧਰਤੀ ਵਜੋਂ ਜਾਣੇ ਜਾਂਦੇ ਧਰਤੀ ਦੀ ਮੋਹਰਲੀ ਨੁੱਕਰੇ ਵਸਦੇ ਨਿਊਜ਼ੀਲੈਂਡ ਦੇਸ਼ ਦੇ ਲੋਕਾਂ ਵੱਲੋਂ ਦੁਨੀਆਂ 'ਚ ਸਭ ਤੋਂ ਪਹਿਲਾਂ ਨਵੇਂ ਸਾਲ ਨੂੰ 'ਵੈਲਕਮ' ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਕੈਨੇਡਾ ਦੇ ਪੱਛਮੀ ਦਿਸ਼ਾ 'ਚ ਸਥਿਤ ਵੈਨਕੂਵਰ, ਸਰੀ, ਐਬਸਫੋਰਡ ਅਤੇ ਨੇੜਲੇ ਹੋਰਨਾਂ ਸ਼ਹਿਰਾਂ ਦੇ ਲੋਕਾਂ ਵੱਲੋਂ ਨਵੇਂ ਸਾਲ ਦਾ 'ਵੈਲਕਮ' ਕਰਨ ਦੀ ਵਾਰੀ ਅਖੀਰ 'ਚ ਆਉਂਦੀ ਮੰਨੀ ਗਈ ਹੈ, ਕਿਉਂਕਿ ਨਿਊਜ਼ੀਲੈਂਡ ਦੇ ਸਮੇਂ ਨਾਲੋਂ ਕੈਨੇਡਾ ਦੇ ਪੱਛਮੀ ਸ਼ਹਿਰਾਂ ਦੀਆਂ ਘੜੀਆਂ ਵਾਲਾ ਸਮਾਂ ਤਕਰੀਬਨ 21 ਘੰਟੇ ਪਿੱਛੇ ਹੈ। ਖਬਰ ਲਿਖਣ ਵੇਲੇ ਨਿਊਜ਼ੀਲੈਂਡ ਦੇ ਵਿੱਚ 2 ਜਨਵਰੀ ਦੀ ਸਵੇਰ ਹੋ ਚੁੱਕੀ ਹੈ ਜਦੋਂ ਕਿ ਵੈਨਕੂਵਰ ਦੇ ਵਿੱਚ 1 ਜਨਵਰੀ ਦਾ ਦਿਨ ਹੋਣ ਕਾਰਨ ਨਵੇਂ ਸਾਲ ਦੀ ਸ਼ੁਰੂਆਤ ਹੈ।
ਨਵੇਂ ਸਾਲ ਦੀ ਆਮਦ ਮੌਕੇ ਵੈਨਕੂਵਰ ਦੇ ਡਾਊਨ ਟਾਊਨ ਸਮੇਤ ਕੈਨੇਡਾ ਦੇ ਹੋਰਨਾਂ ਸ਼ਹਿਰਾਂ 'ਚ ਵੀ ਦੇਰ ਰਾਤ ਤੱਕ ਆਮ ਲੋਕਾਂ ਵੱਲੋਂ ਜਸ਼ਨ ਮਨਾਏ ਜਾਣ ਦੀਆਂ ਸੂਚਨਾਵਾਂ ਹਨ ਉੱਥੇ ਵੱਖ-ਵੱਖ ਗੁਰੂ ਘਰਾਂ 'ਚ ਰਾਤ 2 ਵਜੇ ਤੱਕ ਸੰਗਤਾਂ ਹਾਜਰੀ ਭਰਦੀਆਂ ਵੇਖੀਆਂ ਗਈਆਂ। ਵੈਨਕੂਵਰ ਅਤੇ ਨੇੜਲੇ ਕਈ ਇਲਾਕਿਆਂ 'ਚ ਤੜਕੇ 4 ਵਜੇ ਤੱਕ ਨੇੜਲੇ ਰੈਸਟੋਰੈਂਟਾਂ 'ਤੇ ਗਾਹਕਾਂ ਅਤੇ ਮਹਿਮਾਨਾਂ ਦੀਆਂ ਰੌਣਕਾਂ ਲੱਗੀਆਂ ਨਜ਼ਰੀਂ ਪਈਆਂ।
