ਨੇਤਨਯਾਹੂ ਦਾ ਅਮਰੀਕੀ ਸੰਸਦ ''ਚ ਸੰਬੋਧਨ, ਚੋਟੀ ਦੇ ਸੰਸਦ ਮੈਂਬਰਾਂ ਨੇ ਕੀਤਾ ਬਾਈਕਾਟ
Thursday, Jul 25, 2024 - 12:44 AM (IST)

ਵਾਸ਼ਿੰਗਟਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਬੁੱਧਵਾਰ ਨੂੰ ਅਮਰੀਕੀ ਸੰਸਦ ਨੂੰ ਦਿੱਤੇ ਸੰਬੋਧਨ ਦਾ ਕੁਝ ਚੋਟੀ ਦੇ ਸੰਸਦ ਮੈਂਬਰਾਂ ਨੇ ਬਾਈਕਾਟ ਕੀਤਾ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਵੱਲ ਮਾਰਚ ਕੀਤਾ।
ਆਪਣੇ ਸੰਬੋਧਨ ਦੌਰਾਨ ਨੇਤਨਯਾਹੂ ਨੇ ਹਮਾਸ ਵਿਰੁੱਧ ਜੰਗ ਵਿੱਚ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਵਧਾਉਣ ਦੀ ਬੇਨਤੀ ਕੀਤੀ। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੂੰ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਜਦੋਂ ਅਸੀਂ ਇਕੱਠੇ ਖੜੇ ਹੁੰਦੇ ਹਾਂ, ਕੁਝ ਸੱਚਮੁੱਚ ਬਹੁਤ ਵਧੀਆ ਹੁੰਦਾ ਹੈ: ਅਸੀਂ ਜਿੱਤ ਜਾਂਦੇ ਹਾਂ, ਉਹ ਹਾਰ ਜਾਂਦੇ ਹਨ। ਹਾਲਾਂਕਿ, ਡੈਮੋਕ੍ਰੇਟਿਕ ਪਾਰਟੀ ਦੇ 50 ਤੋਂ ਵੱਧ ਸੰਸਦ ਮੈਂਬਰਾਂ ਅਤੇ ਆਜ਼ਾਦ ਸੰਸਦ ਮੈਂਬਰ ਬਰਨੀ ਸੈਂਡਰਸ ਨੇ ਨੇਤਨਯਾਹੂ ਦੇ ਸੰਬੋਧਨ ਦਾ ਬਾਈਕਾਟ ਕੀਤਾ।
ਇਸ ਦੌਰਾਨ, ਸਭ ਦੀਆਂ ਨਜ਼ਰਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਗੈਰਹਾਜ਼ਰੀ 'ਤੇ ਸਨ, ਜੋ ਸੰਸਦ ਦੇ ਉਪਰਲੇ ਸਦਨ ਸੈਨੇਟ ਦੀ ਚੇਅਰਪਰਸਨ ਹੈ। ਦੱਸਿਆ ਜਾਂਦਾ ਹੈ ਕਿ ਉਹ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਾਰਨ ਸਦਨ 'ਚ ਨਹੀਂ ਆਈ। ਇਸ ਤੋਂ ਇਲਾਵਾ, ਵਾਸ਼ਿੰਗਟਨ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਪੈਟੀ ਮਰੇ ਨੇ ਸੰਬੋਧਨ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਮਿਸ਼ੀਗਨ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਰਸ਼ੀਦਾ ਤਲੈਬ ਨੇ ਵੀ ਸੰਬੋਧਨ ਦਾ ਬਾਈਕਾਟ ਕੀਤਾ। ਤਲੈਬ ਦਾ ਪਰਿਵਾਰ ਇਜ਼ਰਾਈਲ ਦੇ ਨਾਲ ਲੱਗਦੇ ਵੈਸਟ ਬੈਂਕ ਵਿੱਚ ਰਹਿੰਦਾ ਹੈ। ਰਿਪਬਲਿਕਨ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵਾਂਸ ਵੀ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦੇ ਹੋਏ ਨੇਤਨਯਾਹੂ ਦੇ ਸੰਬੋਧਨ ਦੌਰਾਨ ਗੈਰਹਾਜ਼ਰ ਰਹੇ।
ਇਸ ਦੌਰਾਨ ਗਾਜ਼ਾ 'ਚ ਚੱਲ ਰਹੀ ਜੰਗ 'ਚ 39 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਨੂੰ ਲੈ ਕੇ ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ 'ਤੇ ਅਕਤੂਬਰ 7 ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਅਤੇ ਅਮਰੀਕੀ ਬੰਧਕਾਂ ਨੂੰ ਰਿਹਾਅ ਕਰਨ ਵਿਚ ਨੇਤਨਯਾਹੂ ਦੀ ਅਸਫਲਤਾ ਦੀ ਨਿੰਦਾ ਕੀਤੀ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵੱਲ ਵਧ ਰਹੀ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਰੋਕਣ ਲਈ ਪੁਲਿਸ ਨੇ ਮਿਰਚ ਸਪਰੇਅ ਦੀ ਵਰਤੋਂ ਕੀਤੀ।