ਨੇਪਾਲ ਵਪਾਰੀਆਂ ਨੇ 'ਚੀਨ ਦੀ ਵਪਾਰ ਨਾਕੇਬੰਦੀ' ਖਿਲਾਫ ਕੀਤਾ ਪ੍ਰਦਰਸ਼ਨ
Tuesday, Feb 02, 2021 - 12:56 AM (IST)
ਕਾਠਮੰਡੂ (ਇੰਟ.)- ਨੇਪਾਲ ਵਿਚ ਸਰਹੱਦ ਪਾਰ ਵਪਾਰ ਨੂੰ ਲੈ ਕੇ ਚੀਨ ਦੇ ਵਤੀਰੇ ਵਿਰੁੱਧ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ। ਨੇਪਾਲੀ ਵਪਾਰੀਆਂ ਨੇ ਦੇਸ਼ ਦੇ ਰਾਸੁਵਾ ਜ਼ਿਲੇ ਵਿਚ ਸਰਹੱਦ ਪਾਰ ਚੀਨ ਦੀ ਬਿਨ ਐਲਾਨੀ ਨਾਕੇਬੰਦੀ ਵਿਰੁੱਧ ਰਸੁਵਾਗੜ੍ਹੀ ਸਰਹੱਦੀ ਟੈਕਸ ਦਫਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਵਪਾਰੀਆਂ ਨੇ ਕੰਟੇਨਰਾਂ ਦੀ ਸੁਚਾਰੂ ਆਵਾਜਾਈ, ਸਰਹੱਦ 'ਤੇ ਰਹਿਣ ਵਾਲੇ ਨੇਪਾਲੀਆਂ ਦੀ ਸੁਰੱਖਿਆ, ਕੌਮਾਂਤਰੀ ਵਪਾਰ ਕਾਨੂੰਨਾਂ ਦਾ ਪਾਲਨ, ਚੀਨ ਦੇ ਨਾਲ ਸੌਖੇ ਵਪਾਰ ਲਈ ਪਹਿਲ ਅਤੇ ਅਣਐਲਾਨੀ ਨਾਕੇਬੰਦੀ ਨੂੰਖਤਮ ਕਰਨ ਵਰਗੇ ਲਿਖੇ ਸੰਦੇਸ਼ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਚੀਨ ਤੋਂ ਮੰਗ ਕੀਤੀ ਕਿ ਨੇਪਾਲ ਦੀ ਜ਼ਮੀਨ ਅਤੇ ਵਪਾਰ 'ਤੇ ਘੁਸਪੈਠ ਬੰਦ ਕਰੇ।
ਨੇਪਾਲੀ ਵਪਾਰੀਆਂ ਨੇ ਕਿਹਾ ਕਿ ਰਸੂਵਾਗੜ੍ਹੀ ਰਾਹੀਂ ਚੀਨੀ ਸਾਮਾਨ ਦਾ ਬਰਾਮਦਗੀ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਨੇਪਾਲੀ ਵਪਾਰੀਆਂ ਨੇ ਇਹ ਵੀ ਸ਼ਨਾਖਤ ਕੀਤੀ ਹੈ ਕਿ ਉਨ੍ਹਾਂ ਨੂੰ ਸਰਹੱਦ 'ਤੇ ਮਾਲ ਬਰਾਮਦ ਕਰਨ ਲਈ ਚੀਨੀ ਏਜੰਟਾਂ ਨੂੰ ਮੋਟੀ ਰਿਸ਼ਵਤ ਦੇਣੀ ਪੈਂਦੀ ਹੈ। ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਚੀਨ ਦੀ ਅਣਐਲਾਨੀ ਨਾਕੇਬੰਦੀ ਵਿਰੁੱਧ ਸਿੰਧੂ ਪਾਲ ਚੌਕ ਜ਼ਿਲੇ ਵਿਚ ਤਾਤੋਪਾਨੀ ਚੈੱਕਪੁਆਇੰਟ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਓਧਰ, ਉਦਯੋਗ ਵਣਜ ਅਤੇ ਸਪਲਾਈ ਮੰਤਰੀ ਲੇਖਰਾਜ ਭੱਟ ਨੇ ਨੇਪਾਲ ਦੇ ਨਾਲ ਵਪਾਰ ਨੂੰ ਲੈ ਕੇ ਚੀਨ ਦੇ ਹਾਲੀਆ ਵਰਤਾਓ 'ਤੇ ਅਸੰਤੋਸ਼ ਜਤਾਇਆ। ਉਨ੍ਹਾਂ ਨੇ ਚੀਨ 'ਤੇ ਨੇਪਾਲ ਦੇ ਨਾਲ ਇਕ ਸਾਲ ਲਈ ਵੱਖ-ਵੱਖ ਪ੍ਰੀਟੇਕਸ ਤਹਿਤ ਵਪਾਰ ਨੂੰ ਰੋਕਣ ਦਾ ਦੋਸ਼ ਲਗਾਇਆ ਹੈ।