ਨਵਾਜ਼ ਸ਼ਰੀਫ ਅਗਲੇ ਮਹੀਨੇ ਈਦ ਤੋਂ ਬਾਅਦ ਪਾਕਿਸਤਾਨ ਪਰਤਣਗੇ : ਪੀਐਮਐਲ-ਐਨ ਨੇਤਾ
Wednesday, Apr 27, 2022 - 05:37 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਈਦ ਤੋਂ ਬਾਅਦ ਅਦਾਲਤਾਂ ਦਾ ਸਾਹਮਣਾ ਕਰਨ ਲਈ ਲੰਡਨ ਤੋਂ ਪਰਤਣਗੇ। ਇਹ ਜਾਣਕਾਰੀ ਪੀਐਮਐਲ-ਐਨ ਦੇ ਇੱਕ ਨੇਤਾ ਨੇ ਦਿੱਤੀ। ਸ਼ਰੀਫ ਨੂੰ ਨਵੀਂ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਪਾਸਪੋਰਟ ਜਾਰੀ ਕੀਤਾ ਹੈ। 72 ਸਾਲਾ ਪੀਐਮਐਲ-ਐਨ ਸੁਪਰੀਮੋ ਨਵੰਬਰ 2019 ਵਿੱਚ ਲੰਡਨ ਚਲੇ ਗਏ ਸਨ। ਲਾਹੌਰ ਹਾਈ ਕੋਰਟ ਨੇ ਉਹਨਾਂ ਨੂੰ ਇਲਾਜ ਲਈ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਰੀਫ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਬਿਲਾਵਲ ਭੁੱਟੋ ਨੇ ਨਵੇਂ ਵਿਦੇਸ਼ ਮੰਤਰੀ ਵਜੋਂ ਚੁੱਕੀ ਸਹੁੰ
'ਦਿ ਐਕਸਪ੍ਰੈੱਸ ਟ੍ਰਿਬਿਊਨ' ਦੀ ਬੁੱਧਵਾਰ ਦੀ ਖ਼ਬਰ ਮੁਤਾਬਕ ਫੈਡਰਲ ਮੰਤਰੀ ਮੀਆਂ ਜਾਵੇਦ ਲਤੀਫ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਚੋਟੀ ਦੇ ਨੇਤਾ ਈਦ ਤੋਂ ਬਾਅਦ ਵਾਪਸ ਆਉਣਗੇ ਅਤੇ ਪਾਕਿਸਤਾਨ 'ਚ ਰੈਲੀਆਂ ਦੀ ਅਗਵਾਈ ਕਰਨਗੇ।ਉਹਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਹੁੰਚਣ 'ਤੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਹੈ, ਤਾਂ ਨਵਾਜ਼ ਸ਼ਰੀਫ ਪੀਐਮਐਲ-ਐਨ (ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਇਕੱਠਾਂ ਦਾ ਮੁਕਾਬਲਾ ਕਰਨ ਲਈ) ਦੁਆਰਾ ਆਯੋਜਿਤ ਰੈਲੀਆਂ ਦੀ ਅਗਵਾਈ ਕਰਨਗੇ। ਉਂਝ ਉਨ੍ਹਾਂ ਦੀ ਅਗਵਾਈ ਪੀਐਮਐਲ-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ 6 ਮਈ ਤੋਂ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ -ਗੁਤਾਰੇਸ ਨੇ ਪੁਤਿਨ ਨਾਲ ਕੀਤੀ ਮੁਲਾਕਾਤ, ਯੂਕ੍ਰੇਨੀ ਲੋਕਾਂ ਦੀ ਨਿਕਾਸੀ 'ਤੇ ਬਣੀ ਸਹਿਮਤੀ
ਮਈ ਦੇ ਪਹਿਲੇ ਹਫ਼ਤੇ ਈਦ ਮਨਾਈ ਜਾਵੇਗੀ। ਮੰਤਰੀ ਨੇ ਕਿਹਾ ਕਿ ਸ਼ਰੀਫ ਦੀ ਵਾਪਸੀ ਦੀ ਤਾਰੀਖ਼ ਅਜੇ ਤੈਅ ਨਹੀਂ ਹੋਈ ਹੈ ਪਰ ਉਹ ਅਗਲੇ ਮਹੀਨੇ ਵਾਪਸ ਆਉਣਗੇ। ਉਨ੍ਹਾਂ ਨੇ ਕਿਹਾ ਕਿ ਮੀਆਂ ਸਾਹਬ ਦੀ ਵਾਪਸੀ ਤੋਂ ਬਾਅਦ ਪਾਰਟੀ ਨੇ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ। ਜੇਕਰ ਉਨ੍ਹਾਂ ਨੂੰ ਪਹੁੰਚਣ 'ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਨਵਾਜ਼ ਗਤੀਵਿਧੀਆਂ ਦੀ ਅਗਵਾਈ ਕਰਨਗੇ ਨਹੀਂ ਤਾਂ ਗਤੀਵਿਧੀਆਂ ਰੋਕ ਦਿੱਤੀਆਂ ਜਾਣਗੀਆਂ। ਦੱਸਿਆ ਜਾਂਦਾ ਹੈ ਕਿ ਨਵਾਜ਼ ਸ਼ਰੀਫ ਨੂੰ ਸੋਮਵਾਰ ਨੂੰ ਨਵੀਂ ਸਰਕਾਰ ਨੇ ਪਾਸਪੋਰਟ ਜਾਰੀ ਕਰ ਦਿੱਤਾ ਹੈ। ਨਵੀਂ ਸਰਕਾਰ ਦੀ ਅਗਵਾਈ ਉਨ੍ਹਾਂ ਦੇ ਭਰਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕਰ ਰਹੇ ਹਨ। ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਜੁਲਾਈ 2017 'ਚ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ 2018 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸੱਤਾ 'ਚ ਆਏ ਜਿਨ੍ਹਾਂ ਦੀ ਸਰਕਾਰ ਨੇ ਨਵਾਜ਼ ਸ਼ਰੀਫ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ।