ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਨੂੰ ਭਾਰੀ ਜੁਰਮਾਨਾ ਤੇ 20 ਸਾਲ ਜੇਲ੍ਹ ਦੀ ਸਜ਼ਾ

Tuesday, Oct 06, 2020 - 05:14 PM (IST)

ਮਾਲੇ (ਭਾਸ਼ਾ) ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਨੂੰ ਮਨੀ ਲਾਂਡਰਿੰਗ ਅਤੇ ਗਬਨ ਦੇ ਮਾਮਲੇ ਵਿਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦੀਬ ਨੇ ਅਦਾਲਤ ਵਿਚ ਸਵੀਕਾਰ ਕੀਤਾ ਸੀ ਕਿ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਦੇ ਆਦੇਸ਼ਾਂ ਦੇ ਤਹਿਤ ਮਨੀ ਲਾਂਡਰਿੰਗ ਅਤੇ ਗਬਨ ਜਿਹੇ ਅਪਰਾਧ ਨੂੰ ਅੰਜਾਮ ਦਿੱਤਾ। 

ਅਦਾਲਤ ਨੇ ਅਦੀਬ 'ਤੇ 1,29,800 ਡਾਲਰ ਦਾ ਜੁਰਮਾਨਾ ਵੀ ਲਗਾਇਆ। ਸਾਲ 2013 ਤੋਂ 2018 ਦੇ ਵਿਚ ਸਾਬਕਾ ਰਾਸ਼ਟਰਪਤੀ ਯਾਮੀਨ ਅਬਦੁੱਲ ਗਯੂਮ ਦੇ ਸ਼ਾਸਨ ਦੇ ਦੌਰਾਨ ਅਦੀਬ 2015 ਵਿਚ ਕੁਝ ਸਮੇਂ ਦੇ ਲਈ ਦੇਸ਼ ਦੇ ਉਪ ਰਾਸ਼ਟਰਪਤੀ ਰਹੇ। ਉਹਨਾਂ ਨੂੰ 2016 ਵਿਚ ਕਈ ਦੋਸ਼ਾਂ ਵਿਚ 33 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹਨਾਂ ਦੋਸ਼ਾਂ ਵਿਚ ਯਾਮੀਨ ਦੀ ਕਿਸ਼ਤੀ ਵਿਚ ਧਮਾਕੇ ਦਾ ਸਾਜਿਸ਼ ਰਚਣ ਦਾ ਦੋਸ਼ ਵੀ ਸ਼ਾਮਲ ਸੀ, ਜਿਸ ਵਿਚ ਸਾਬਕਾ ਰਾਸ਼ਟਰਪਤੀ ਦੀ ਪਤਨੀ ਜ਼ਖਮੀ ਹੋ ਗਈ ਸੀ। 

2018 ਦੀਆਂ ਚੋਣਾਂ ਵਿਚ ਯਾਮੀਨ ਦੀ ਹਾਰ ਦੇ ਬਾਅਦ ਅਦੀਬ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਨਵੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸਾਲੇਹ ਦੇ ਸ਼ਾਸਨ ਵਿਚ ਅਦੀਬ ਦੇ ਖਿਲਾਫ਼ ਕਈ ਮਾਮਲਿਆਂ ਦੀ ਸਮੀਖਿਆ ਕੀਤੀ ਗਈ।ਅਦੀਬ ਨੇ ਆਪਣੀ ਰਿਹਾਈ ਦੇ ਬਾਅਦ ਸਾਬਕਾ ਰਾਸ਼ਟਰਪਤੀ ਦੇ ਖਿਲਾਫ਼ ਗਵਾਹੀ ਦਿੰਦੇ ਹੋਏ ਕਿਹਾ ਕਿ ਉਹ ਯਾਮੀਨ ਦੇ ਨਾਲ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਲ ਸੀ। ਉਹਨਾਂ ਨੇ ਮਨੀ ਲਾਂਡਰਿੰਗ ਅਤੇ ਗਬਨ ਦੇ ਸਾਰੇ ਦੋਸ਼ਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਦੁਬਾਰਾ ਜੇਲ੍ਹ ਭੇਜੇ ਜਾਣ 'ਤੇ ਚਿੰਤਤ ਨਹੀਂ ਹਨ। ਯਾਮੀਨ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਪੰਜ ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।


Vandana

Content Editor

Related News