ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੀ ਵਧੀ ਮੁਸ਼ਕਲ, ਮੁੱਖ ਵਿਰੋਧੀ ਪਾਰਟੀ ਨੇ ਪੇਸ਼ ਕੀਤਾ 'ਬੇਭਰੋਸਗੀ ਮਤਾ'
Wednesday, May 04, 2022 - 01:22 PM (IST)
ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਜਦੋਂ ਦੇਸ਼ ਆਪਣੇ ਸਭ ਤੋਂ ਮਾੜੇ ਆਰਥਿਕ ਦੌਰ ਵਿੱਚੋਂ ਲੰਘ ਰਿਹਾ ਹੈ ਤਾਂ ਰਾਜਪਕਸ਼ੇ ਨੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਸਾਜਿਥ ਪ੍ਰੇਮਦਾਸਾ ਦੀ ਅਗਵਾਈ ਵਾਲੀ ਯੂਨਾਈਟਿਡ ਪੀਪਲਜ਼ ਫੋਰਸ ਪਾਰਟੀ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਪ੍ਰਸਤਾਵ ਪੇਸ਼ ਕੀਤਾ ਅਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਬਵਰਡੇਨਾ ਤੋਂ ਅਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਕਰਵਾਉਣ ਦੀ ਮੰਗ ਕੀਤੀ।
ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਗਿਆ ਹੈ ਜਦੋਂ ਰਾਜਪਕਸ਼ੇ ਅਤੇ ਉਨ੍ਹਾਂ ਦੇ ਛੋਟੇ ਭਰਾ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਰਾਜਪਕਸ਼ੇ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸੱਤਾ ਤੋਂ ਹਟਾਉਣ ਲਈ 225 ਮੈਂਬਰੀ ਸੰਸਦ ਵਿੱਚ ਬਹੁਮਤ ਦੀ ਲੋੜ ਹੋਵੇਗੀ। ਯੂਨਾਈਟਿਡ ਪੀਪਲਜ਼ ਫੋਰਸ ਕੋਲ 54 ਵੋਟਾਂ ਹਨ ਅਤੇ ਉਸ ਨੂੰ ਛੋਟੀਆਂ ਪਾਰਟੀਆਂ ਤੋਂ ਸਮਰਥਨ ਮਿਲਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖ਼ਬਰ- 100 ਸਾਲ ਦੇ ਬਜ਼ੁਰਗ ਨੇ ਬਣਾਇਆ ਅਨੋਖਾ 'ਰਿਕਾਰਡ', ਇਕੋ ਕੰਪਨੀ 'ਚ 84 ਸਾਲ ਤੋਂ ਕਰ ਰਹੇ ਹਨ ਕੰਮ
ਸੱਤਾਧਾਰੀ ਪਾਰਟੀ ਕੋਲ 150 ਦੇ ਕਰੀਬ ਵੋਟਾਂ ਹਨ ਪਰ ਆਰਥਿਕ ਮੰਦਹਾਲੀ ਦੌਰਾਨ ਇਹ ਗਿਣਤੀ ਘਟੀ ਹੈ, ਜਿਸ ਕਾਰਨ ਕੁਝ ਆਗੂਆਂ ਦੇ ਪਾਰਟੀ ਖ਼ਿਲਾਫ਼ ਜਾਣ ਦਾ ਡਰ ਬਣਿਆ ਹੋਇਆ ਹੈ। ਬੇਭਰੋਸਗੀ ਮਤੇ 'ਤੇ ਵੋਟਿੰਗ ਹੋਣੀ ਹੈ ਜਾਂ ਨਹੀਂ ਇਸ ਬਾਰੇ ਫ਼ੈਸਲਾ ਬੁੱਧਵਾਰ ਨੂੰ ਸੰਸਦ ਦੀ ਬੈਠਕ ਤੋਂ ਬਾਅਦ ਲਿਆ ਜਾ ਸਕਦਾ ਹੈ। ਯੂਨਾਈਟਿਡ ਪੀਪਲਜ਼ ਫੋਰਸ ਨੇ ਵੀ ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਹੈ ਪਰ ਇਸ ਨਾਲ ਉਸਦੀ ਸਥਿਤੀ ਨੂੰ ਕੋਈ ਖ਼ਤਰਾ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।