ਲੰਬੇ ਕੱਦ ਵਾਲੇ ਵਿਅਕਤੀਆਂ ਨੂੰ ਹੋ ਸਕਦੈ ਇਸ ਗੰਭੀਰ ਬੀਮਾਰੀ ਦਾ ਵਧੇਰੇ ਖਤਰਾ
Saturday, Oct 27, 2018 - 12:25 PM (IST)
ਵਾਸ਼ਿੰਗਟਨ(ਏਜੰਸੀਆਂ)– ਲੰਬੇ ਕੱਦ 'ਤੇ ਮਾਣ ਕਰਨ ਵਾਲੇ ਥੋੜ੍ਹਾ ਸੰਭਲ ਜਾਣ। ਕੈਲੀਫੋਰਨੀਆ ਯੂਨੀਵਰਸਿਟੀ ਦੇ ਹਾਲ ਹੀ ਦੇ ਅਧਿਐਨ 'ਚ ਲੰਬੇ ਲੋਕਾਂ ਦੇ ਕੈਂਸਰ ਦੇ ਸ਼ਿਕਾਰ ਹੋਣ ਦਾ ਖਤਰਾ ਜ਼ਿਆਦਾ ਪਾਇਆ ਗਿਆ ਹੈ। ਔਸਤ ਲੰਬਾਈ ਤੋਂ ਹਰ 10 ਸੈਂਟੀਮੀਟਰ (ਲਗਭਗ 4 ਇੰਚ) ਦਾ ਵਾਧਾ ਇਸ ਜਾਨਲੇਵਾ ਬੀਮਾਰੀ ਦੇ ਖਦਸ਼ੇ 'ਚ 12 ਫੀਸਦੀ ਤੱਕ ਦਾ ਵਾਧਾ ਕਰ ਦਿੰਦਾ ਹੈ।
ਗ੍ਰੋਥ ਹਾਰਮੋਨ ਦੀ ਜ਼ਿਆਦਾ ਮਾਤਰਾ ਜਾਨਲੇਵਾ
ਖੋਜਕਾਰਾਂ ਮੁਤਾਬਕ ਲੰਬੇ ਲੋਕਾਂ 'ਚ ਗ੍ਰੋਥ ਹਾਰਮੋਨ 'ਆਈ. ਜੀ. ਐੱਫ.-1' ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਹਾਰਮੋਨ ਕੋਸ਼ਿਕਾਵਾਂ 'ਚ ਵੰਡ ਦੀ ਪ੍ਰਕਿਰਿਆ ਨੂੰ ਰਫਤਾਰ ਦਿੰਦਾ ਹੈ। ਕੋਸ਼ਿਕਾਵਾਂ, ਜੇ ਬੇਕਾਬੂ ਰੂਪ ਨਾਲ ਵੰਡੀਆਂ ਜਾਣ ਲੱਗਣ ਤਾਂ ਉਹ ਟਿਊਮਰ ਦਾ ਰੂਪ ਵੀ ਧਾਰ ਸਕਦੀਆਂ ਹਨ। ਟਿਊਮਰ ਦੇ ਅੱਗੇ ਚੱਲ ਕੇ ਕੈਂਸਰ 'ਚ ਤਬਦੀਲ ਹੋਣ ਦਾ ਡਰ ਰਹਿੰਦਾ ਹੈ। ਖੋਜਕਾਰਾਂ ਨੇ ਕੋਰੀਆ, ਸਵੀਡਨ, ਆਸਟਰੀਆ, ਨਾਰਵੇ ਦੇ ਲੱਖਾਂ ਲੋਕਾਂ 'ਤੇ ਹੋਏ ਅਧਿਐਨ 'ਚ ਕੈਂਸਰ ਤੇ ਕੱਦ ਦਰਮਿਆਨ ਦੇ ਸਬੰਧਾਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਔਰਤਾਂ ਦਾ ਕੱਦ ਔਸਤ ਕੱਦ ਤੋਂ 4 ਇੰਚ ਵੱਧ ਹੋਣ 'ਤੇ ਕੈਂਸਰ ਦਾ ਖਤਰਾ 12 ਫੀਸਦੀ ਜ਼ਿਆਦਾ ਮਿਲਿਆ। ਉਥੇ ਹੀ ਮਰਦਾਂ 'ਚ ਇਹ ਅੰਕੜਾ 9 ਫੀਸਦੀ ਦੇ ਲਗਭਗ ਦਰਜ ਕੀਤਾ ਗਿਆ।
