ਵਿਦੇਸ਼ ਸੈੱਟ ਹੋਣ ਦੇ ਚੱਕਰ 'ਚ ਪੰਜਾਬੀ ਖਰਚ ਰਹੇ ਲੱਖਾਂ

Saturday, Dec 01, 2018 - 05:07 PM (IST)

ਵਿਦੇਸ਼ ਸੈੱਟ ਹੋਣ ਦੇ ਚੱਕਰ 'ਚ ਪੰਜਾਬੀ ਖਰਚ ਰਹੇ ਲੱਖਾਂ

ਵਾਸ਼ਿੰਗਟਨ (ਭਾਸ਼ਾ)- ਰੋਜ਼ੀ-ਰੋਟੀ ਖਾਤਰ ਵਿਦੇਸ਼ ਜਾ ਕੇ ਕੰਮ ਕਰਨ ਦੇ ਚਾਹਵਾਨਾਂ ਦੀ ਗਿਣਤੀ ਭਾਰਤ ਵਿਚ ਬਹੁਤ ਜ਼ਿਆਦਾ ਹੈ ਅਤੇ ਇਸੇ ਚੱਕਰ ਵਿਚ ਭਾਰਤੀ ਗਲਤ ਅਨਸਰਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਪੈਸੇ ਅਤੇ ਖੁਦ ਨੂੰ ਮੁਸ਼ਕਲ ਵਿਚ ਪਾ ਲੈਂਦੇ ਹਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਉਥੇ ਜਾ ਕੇ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਅਮਰੀਕਾ ਵਿਚ ਪਨਾਹ ਹਾਸਲ ਕਰਨ ਗਏ ਪ੍ਰਵਾਸੀਆਂ ਦੇ ਅੰਕੜੇ ਅਖਬਾਰਾਂ ਵਿਚ ਨਸ਼ਰ ਹੋਏ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਵੱਡੀ ਗਿਣਤੀ ਵਿਚ ਭਾਰਤ ਤੋਂ ਆਏ ਲੋਕ ਇਥੇ ਰਹਿਣ ਦੀ ਇੱਛਾ ਰੱਖਦੇ ਹਨ।
ਅਮਰੀਕਾ 'ਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2014 ਤੋਂ ਬਾਅਦ ਤੋਂ 20 ਹਜ਼ਾਰ ਭਾਰਤੀ ਲੋਕਾਂ ਨੇ ਇਥੇ ਰਾਜਨੀਤਕ ਪਨਾਹ ਹਾਸਲ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਹੋਮਲੈਂਡ ਸਕਿਓਰਿਟੀ ਮੰਤਰਾਲੇ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਐਨ.ਏ.ਪੀ.ਏ.) ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ। ਇਹ ਐਸੋਸੀਏਸ਼ਨ ਪੰਜਾਬ ਤੋਂ ਆਏ ਨਾਜਾਇਜ਼ ਪ੍ਰਵਾਸੀਆਂ ਲਈ ਕੰਮ ਕਰਦੀ ਹੈ। 
ਅਮਰੀਕਾ ਵਿਚ ਪਨਾਹ ਲਈ ਭਾਰਤੀ ਖਰਚਦੇ ਨੇ 25 ਤੋਂ 30 ਲੱਖ
ਅਮਰੀਕਾ ਵਿਚ ਹਰ ਸਾਲ ਹਜ਼ਾਰਾਂ ਭਾਰਤੀ ਪਨਾਹ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਤੋਂ ਇਲਾਵਾ ਉਹ ਇਸ ਕੰਮ ਵਿਚ ਸ਼ਾਮਲ ਏਜੰਟਾਂ ਨੂੰ ਕਥਿਤ ਤੌਰ 'ਤੇ 25 ਤੋਂ 30 ਲੱਖ ਪ੍ਰਤੀ ਵਿਅਕਤੀ ਤੱਕ ਦੇ ਦਿੰਦੇ ਹਨ।
ਅਮਰੀਕਾ ਵਿਚ ਪਨਾਹ ਹਾਸਲ ਕਰਨ ਵਾਲਿਆਂ ਵਿਚ ਭਾਰਤੀ ਔਰਤਾਂ ਦੀ ਗਿਣਤੀ ਘੱਟ
ਇਸ ਤਰ੍ਹਾਂ ਅਪਲਾਈ ਕਰਨ ਵਾਲਿਆਂ ਵਿਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਸਾਲ 2014 ਵਿਚ 2306 ਲੋਕਾਂ ਨੇ ਪਨਾਹ ਹਾਸਲ ਕਰਨ ਦੀ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿਚ 146 ਔਰਤਾਂ ਸਨ। ਅਗਲੇ ਸਾਲ ਯਾਨੀ 2015 ਵਿਚ ਅਜਿਹੀਆਂ ਅਰਜ਼ੀਆਂ ਵੱਧ ਕੇ 2971 ਹੋ ਗਈ। ਇਸ ਸਾਲ ਸਿਰਫ 96 ਔਰਤਾਂ ਨੇ ਹੀ ਅਰਜ਼ੀਆਂ ਦਿੱਤੀਆਂ। ਸਾਲ 2016 ਵਿਚ 123 ਔਰਤਾਂ ਸਣੇ 4088 ਅਤੇ 2017 ਵਿਚ 187 ਔਰਤਾਂ ਸਣੇ 3556 ਲੋਕਾਂ ਨੇ ਪਨਾਹ ਹਾਸਲ ਕਰਨ ਲਈ ਅਰਜ਼ੀਆਂ ਦਿੱਤੀਆਂ।

 


author

Sunny Mehra

Content Editor

Related News