ਕਿਮ ਜੋਂਗ ਨੇ ਜੰਗ ਖਤਮ ਹੋਣ ਦੇ ਜਸ਼ਨ ''ਚ ਆਪਣੇ ਜਨਰਲਾਂ ਨੂੰ ਵੰਡੀਆਂ ਪਿਸਤੌਲਾਂ
Tuesday, Jul 28, 2020 - 12:42 AM (IST)

ਪਿਓਂਗਯਾਂਗ - ਕੋਰੀਆ ਜੰਗ ਖਤਮ ਹੋਣ ਦੀ ਖੁਸ਼ੀ ਵਿਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਆਪਣੇ ਜਨਰਲਾਂ ਨੂੰ ਪਿਸਤੌਲਾਂ ਤੋਹਫੇ ਵਿਚ ਵੰਡ ਦਿੱਤੀਆਂ। 67 ਸਾਲ ਪਹਿਲਾਂ ਹੋਈ ਜੰਗ ਵਿਚ ਡਿਮੀਲਿਟਰਾਇਜ਼ਡ ਜ਼ੋਨ ਨੇ ਲੱਖਾਂ ਪਰਿਵਾਰਾਂ ਨੂੰ ਅਲੱਗ ਕਰ ਦਿੱਤਾ ਸੀ। ਇਸ ਮੌਕੇ ਜਿਥੇ ਕਿਮ ਜੋਂਗ ਨੇ ਹਥਿਆਰ ਦੇ ਕੇ ਜਸ਼ਨ ਮਨਾਇਆ, ਉਥੇ ਦੱਖਣੀ ਏਸ਼ੀਆ ਵਿਚ ਅਧਿਕਾਰੀ ਕੋਰੋਨਾਵਾਇਰਸ ਦੇ ਚੱਲਦੇ ਮਾਸਕ ਪਾ ਕੇ ਸੋਸ਼ਲ ਡਿਸਟੈਂਸਿੰਗ ਕਰਦੇ ਨਜ਼ਰ ਆਏ।
ਜਨਰਲਾਂ ਨੇ ਲਿਆ ਪ੍ਰਣ
ਉੱਤਰੀ ਕੋਰੀਆ ਦੀ ਮੀਡੀਆ ਮੁਤਾਬਕ ਕਿਮ ਨੇ ਜੰਗ ਖਤਮ ਹੋਣ ਦਾ ਜਸ਼ਨ ਮਨਾਉਣ ਲਈ ਆਪਣੇ ਜਨਰਲਾਂ ਨੂੰ ਦਰਜਨਾਂ ਪਿਸਤੌਲਾਂ ਦਿੱਤੀਆਂ। ਇਨਾਂ ਜਨਰਲਾਂ ਨੇ ਵੀ ਤਾਨਾਸ਼ਾਹ ਲਈ ਆਪਣੀ ਵਫਾਦਾਰੀ ਦਾ ਪ੍ਰਣ ਲਿਆ। 67 ਸਾਲ ਪਹਿਲਾਂ ਹੋਈ ਜੰਗ 27 ਜੁਲਾਈ, 1953 ਨੂੰ ਬਿਨਾਂ ਸ਼ਾਂਤੀ ਸਮਝੌਤੇ ਦੀ ਜੰਗਬੰਦੀ ਦੇ ਨਾਲ ਖਤਮ ਹੋ ਗਈ ਸੀ। ਜੰਗ ਉਦੋਂ ਸ਼ੁਰੂ ਹੋਈ ਸੀ ਜਦ ਉੱਤਰੀ ਕੋਰੀਆ ਨੇ ਅਮਰੀਕਾ ਸਮਰਥਿਤ ਦੱਖਣੀ ਕੋਰੀਆ 'ਤੇ ਹਮਲਾ ਕਰ ਦਿੱਤਾ ਸੀ। ਇਸ ਵਿਚ ਲੱਖਾਂ ਲੋਕ ਮਾਰੇ ਗਏ ਸਨ।
ਦੱਖਣੀ ਕੋਰੀਆ ਵਿਚ ਵਾਇਰਸ ਦਾ ਖੌਫ
ਦੂਜੀ ਪਾਸੇ ਦੱਖਣੀ ਕੋਰੀਆ ਵਿਚ ਲੋਕਾਂ ਨੇ 'Days of Glory' ਥੀਮ 'ਤੇ ਆਧਾਰਿਤ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਦੌਰਾਨ ਜੰਗ ਦੌਰਾਨ ਅਧਿਕਾਰੀਆਂ ਦੇ ਇੰਟਰਵਿਊ ਅਤੇ ਦੁਨੀਆ ਭਰ ਦੇ ਨੇਤਾਵਾਂ ਦੇ ਮੈਸੇਜ ਦਿਖਾਏ ਗਏ। ਇਸ ਦੌਰਾਨ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਦੇਖੇ ਗਏ। ਕੋਰੋਨਾਵਾਇਰਸ ਦੇ ਚੱਲਦੇ ਲੋਕ ਮਾਸਕ ਪਾ ਕੇ ਇਨਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ।