ਹਾਫਿਜ਼ ਸਈਦ ਨੇ ਅੱਤਵਾਦ ਦੀ ਵਿੱਤੀ ਮਦਦ ਦਾ ਜੁਰਮ ਨਹੀਂ ਕੀਤਾ ਕਬੂਲ

01/14/2020 6:50:11 PM

ਇਸਲਾਮਾਬਾਦ- 26/11 ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਮੰਗਲਵਾਰ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਮਾਮਲੇ ਵਿਚ ਅਦਾਲਤ ਸਾਹਮਣੇ ਆਪਣਾ ਜੁਰਮ ਨਹੀਂ ਕਬੂਲ ਕੀਤਾ ਹੈ। ਅੱਤਵਾਦੀ ਸਮੂਹਾਂ 'ਤੇ ਨਕੇਲ ਕੱਸਣ ਦੇ ਵਧਦੇ ਅੰਤਰਰਾਸ਼ਟਰੀ ਦਬਾਅ ਦੇ ਵਿਚਾਲੇ ਜਮਾਤ ਉਦ ਦਾਵਾ ਦੇ ਸਰਗਨੇ ਨੇ ਇਥੇ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ। ਹਾਫਿਜ਼ ਖਿਲਾਫ 23 ਮਾਮਲੇ ਦਰਜ ਹਨ ਤੇ ਉਸ ਨੂੰ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਦੁਨੀਆ ਦੇ ਸਾਹਮਣੇ ਪਾਕਿਸਤਾਨ ਕਾਰਵਾਈ ਦੇ ਨਾਂ 'ਤੇ ਸਿਰਫ ਦਿਖਾਵਾ ਕਰ ਰਿਹਾ ਹੈ। ਬਚਾਅ ਪੱਖ ਦੇ ਵਕੀਲ ਨੇ ਜੇਯੂਡੀ ਨੇਤਾ 'ਤੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਕਿਹਾ ਕਿ ਪਾਕਿਸਤਾਨ 'ਤੇ ਅੰਤਰਰਾਸ਼ਟਰੀ ਦਬਾਅ ਦੇ ਚੱਲਦੇ ਇਹ ਦੋਸ਼ ਲਾਏ ਗਏ ਹਨ। 

ਦੋ ਦਰਜਨ ਤੋਂ ਵਧੇਰੇ ਮਾਮਲੇ ਕੀਤੇ ਗਏ ਦਰਜ
ਜ਼ਿਕਰਯੋਗ ਹੈ ਕਿ ਜੇਯੂਡੀ ਦੀ ਲੀਡਰਸ਼ਿਪ ਇਹਨੀਂ ਦਿਨੀਂ ਟੈਰਰ ਫੰਡਿੰਗ ਤੇ ਮਨੀ ਲਾਂਡ੍ਰਿੰਗ ਦੇ ਦੋ ਦਰਜਨ ਤੋਂ ਵਧੇਰੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ, ਜੋ ਪੰਜ ਵੱਖ-ਵੱਖ ਸ਼ਹਿਰਾਂ ਵਿਚ ਦਰਜ ਹਨ। ਰਿਪੋਰਟਾਂ ਦੇ ਮੁਤਾਬਕ ਜਮਾਤ-ਉਦ-ਦਾਵਾ ਉਹ ਸੰਗਠਨ ਹੈ ਜੋ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਲਈ ਪੈਸਿਆਂ ਦਾ ਇੰਤਜ਼ਾਮ ਕਰਦਾ ਸੀ। ਇਸ ਦੀ ਭੂਮਿਕਾ ਨੂੰ ਲੈ ਕੇ ਪਾਕਿਸਤਾਨ ਐਫ.ਏ.ਟੀ.ਐਫ. ਤੇ ਅਮਰੀਕਾ ਦੇ ਨਿਸ਼ਾਨੇ 'ਤੇ ਰਿਹਾ ਹੈ। ਲਸ਼ਕਰ ਨੇ ਹੀ 2008 ਦੇ ਮੁੰਬਈ ਹਮਲੇ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚ 6 ਅਮਰੀਕੀ ਨਾਗਰਿਕਾਂ ਸਣੇ 166 ਲੋਕ ਮਾਰੇ ਗਏ ਸਨ। ਲਸ਼ਕਰ ਨੇ ਭਾਰਤ ਵਿਚ ਦਰਜਨਾ ਅੱਤਵਾਦੀ ਹਮਲੇ ਕੀਤੇ ਹਨ।

ਪਾਕਿਸਤਾਨ ਨੂੰ ਬਲੈਕਲਿਸਟ ਹੋਣ ਦਾ ਡਰ
ਦੱਸ ਦਈਏ ਕਿ ਅਕਤੂਬਰ ਵਿਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਪਾਕਿਸਤਾਨ 27 ਫਰਵਰੀ ਤੱਕ ਐਫ.ਏ.ਟੀ.ਐਫ. ਵਲੋਂ ਦਿੱਤੇ ਗਏ ਟੀਚਿਆਂ ਨੂੰ ਪੂਰਾ ਨਹੀਂ ਕਰਦਾ ਤੇ ਆਪਣੇ ਦੇਸ਼ ਤੋਂ ਅੱਤਵਾਦੀ ਫੰਡਿੰਗ 'ਤੇ ਕੰਟਰੋਲ ਨਹੀਂ ਕਰਦਾ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ।


Baljit Singh

Content Editor

Related News