ਬ੍ਰਿਟੇਨ : ਚੋਰੀ ਦੇ ਦੋਸ਼ੀ ਪੰਜਾਬੀ ਨੌਜਵਾਨ ਨੂੰ ਲੱਗਾ ਭਾਰੀ ਜੁਰਮਾਨਾ

03/02/2019 1:31:39 PM

ਲੰਡਨ, (ਰਾਜਵੀਰ ਸਮਰਾ)- ਬੀਤੇ ਦਿਨੀਂ ਬ੍ਰਿਟੇਨ ਦੀ ਚੈਲਟਨਹਮ ਮੈਜਿਸਟਰੇਟ ਅਦਾਲਤ ਨੇ 41 ਸਾਲਾ ਬੇਰੁਜ਼ਗਾਰ ਪੰਜਾਬੀ ਨੌਜਵਾਨ ਇੰਦਰਪਾਲ ਸੰਘਾ ਨੂੰ ਚੋਰੀ ਦੇ ਦੋਸ਼ਾਂ ਤਹਿਤ ਜੁਰਮਾਨਾ ਲਗਾਇਆ ਹੈ। ਜਾਣਕਾਰੀ ਮੁਤਾਬਕ ਉਸ ਨੂੰ 120 ਪੌਂਡ ਜ਼ੁਰਮਾਨਾ, 85 ਪੌਂਡ ਅਦਾਲਤੀ ਖਰਚਾ ਅਤੇ 30 ਪੌਂਡ ਪੀੜਤ ਧਿਰ ਨੂੰ ਹਰਜਾਨਾ ਭਰਨ ਦੇ ਹੁਕਮ ਸੁਣਾਏ ਹਨ। ਅਦਾਲਤ 'ਚ ਦੱਸਿਆ ਗਿਆ ਕਿ ਸੰਘਾ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ ਸੀ,  ਜੋ ਉਸ ਨੂੰ ਬਾਜ਼ਾਰ 'ਚ ਛੱਡ ਕੇ ਘਰ ਪਰਤ ਗਈ। 
ਇਸ ਸਮੇਂ ਇੰਦਰਪਾਲ ਕੋਲ ਘਰ ਵਾਪਸ ਜਾਣ ਲਈ ਪੈਸੇ ਨਹੀਂ ਸਨ, ਜਿਸ ਕਰ ਕੇ ਉਸ ਨੇ ਲਾਗ ਸਟਰੀਟ ਸਥਿਤ ਲੇਇਡ ਫਾਰਮੇਸੀ 'ਚੋਂ ਕੁਝ ਸਾਮਾਨ ਚੋਰੀ ਕੀਤਾ ਅਤੇ ਆਪਣੀ ਜੇਬ 'ਚ ਪਾ ਲਿਆ। ਉਸ ਨੇ ਸੋਚਿਆ ਕਿ ਉਹ ਇਸ ਨੂੰ ਵੇਚ ਕੇ ਕਿਰਾਏ ਯੋਗ ਪੈਸੇ ਇਕੱਠੇ ਕਰ ਲਵੇਗਾ। ਇਸ ਦੌਰਾਨ ਇਕ ਗਾਹਕ ਨੇ ਉਸ ਨੂੰ ਦੇਖ ਲਿਆ ਅਤੇ ਇੰਦਰਪਾਲ ਦੌੜ ਗਿਆ। ਲੋਕਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਸੰਘਾ ਦਾ ਪੁਰਾਣਾ ਰਿਕਾਰਡ ਠੀਕ ਨਹੀਂ ਹੈ ਅਤੇ ਉਸ 'ਤੇ ਹੋਰ ਵੀ ਦੋਸ਼ ਹਨ। ਉਹ ਆਪਣੇ ਅਤੀਤ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਅਦਾਲਤ ਨੇ ਉਸ ਨੂੰ ਚੋਰੀ ਦੇ ਦੋਸ਼ 'ਚ ਭਾਰੀ ਜੁਰਮਾਨਾ ਲਗਾਇਆ ਹੈ।


Related News