ਯੇਰੂਸ਼ਲਮ ਦੀ ਨਗਰ ਨਿਗਮ ਨੇ ਕਿਹਾ - ''ਚਿੰਤਾ ਨਾ ਕਰੋ ਟਰੰਪ, ਸਾਡੇ ਕੋਲ ਕਈ ਅਹੁਦੇ ਖਾਲੀ ਹਨ''
Sunday, Nov 08, 2020 - 09:01 PM (IST)
ਵਾਸ਼ਿੰਗਟਨ/ਯੇਰੂਸ਼ਲਮ - ਵ੍ਹਾਈਟ ਹਾਊਸ ਦੀ ਦੌੜ ਵਿਚ ਡੋਨਾਲਡ ਟਰੰਪ ਦੇ ਹਾਰ ਜਾਣ ਤੋਂ ਬਾਅਦ ਯੇਰੂਸ਼ਲਮ ਦੀ ਨਗਰ ਨਿਗਮ ਨੇ ਉਨ੍ਹਾਂ ਨੂੰ ਆਖਿਆ ਹੈ ਕਿ ਚਿੰਤਾ ਨਾ ਕਰੋ ਕਿਉਂਕਿ ਇਥੇ ਉਨ੍ਹਾਂ ਦੇ ਲਈ ਕਈ ਅਹੁਦੇ ਖਾਲੀ ਹਨ ਜਿਨ੍ਹਾਂ ਦੇ ਲਈ ਅਰਜ਼ੀ ਦੇਣ ਦੀ ਉਹ ਯੋਗਤਾ ਰੱਖਦੇ ਹਨ। ਮੀਡੀਆ ਰਿਪੋਰਟ ਵਿਚ ਇਹ ਆਖਿਆ ਗਿਆ ਹੈ।
ਨਗਰ ਨਿਕਾਯ ਦੇ ਫੇਸਬੁੱਕ ਪੇਜ 'ਤੇ ਜਾਬ ਬੋਰਡ ਦਾ ਲਿੰਕ ਸਾਂਝਾ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਡੋਨਾਲਡ ਟਰੰਪ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡਾ ਨਵਾਂ ਯੇਰੂਸ਼ਲਮ ਜਾਬ ਬੋਰਡ ਹਰ ਰੋਜ਼ ਨਵੀਆਂ ਪੇਸ਼ਕਸ਼ਾਂ ਦੇ ਨਾਲ ਅਪਡੇਟ ਕੀਤਾ ਗਿਆ ਹੈ।
ਅਖਬਾਰ 'ਯੇਰੂਸ਼ਲਮ ਪੋਸਟ' ਦੀ ਖਬਰ ਮੁਤਾਬਕ ਇਸ ਪੋਸਟ ਨੂੰ ਨਗਰ ਨਿਕਾਯ ਦੇ ਫੇਸਬੁੱਕ ਪੇਜ ਤੋਂ ਤੁਰੰਤ ਹੀ ਹਟਾ ਦਿੱਤਾ ਗਿਆ। ਨਿਕਾਯ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੋਸਟ ਅਣਜਾਣੇ ਵਿਚ ਸ਼ੇਅਰ ਕੀਤਾ ਗਿਆ ਅਤੇ ਇਸ ਨੂੰ ਤੁਰੰਤ ਹਟਾ ਵੀ ਲਿਆ ਗਿਆ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ 7 ਦਹਾਕਿਆਂ ਤੋਂ ਚੱਲੀ ਆ ਰਹੀ ਅਮਰੀਕੀ ਵਿਦੇਸ਼ ਨੀਤੀ ਨੂੰ ਪਲਟਦੇ ਹੋਏ ਦਸੰਬਰ 2017 ਵਿਚ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦਿੱਤੀ ਸੀ।