ਜੈਸ਼ੰਕਰ ਨੇ 8 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਹਿੰਦ-ਪ੍ਰਸ਼ਾਂਤ ਅਤੇ ਯੂਕ੍ਰੇਨ ਜੰਗ ’ਤੇ ਗੱਲਬਾਤ

Monday, May 15, 2023 - 12:28 PM (IST)

ਜੈਸ਼ੰਕਰ ਨੇ 8 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਹਿੰਦ-ਪ੍ਰਸ਼ਾਂਤ ਅਤੇ ਯੂਕ੍ਰੇਨ ਜੰਗ ’ਤੇ ਗੱਲਬਾਤ

ਸਟਾਕਹੋਮ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਫਰਾਂਸ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਸਾਈਪ੍ਰਸ, ਲਾਤਵੀਆ, ਲਿਥੁਆਨੀਆ ਅਤੇ ਰੋਮਾਨੀਆ ਦੇ ਆਪਣੇ ਹਮਰੁਤਬਾ ਨਾਲ ਇਥੇ ਮੀਟਿੰਗਾਂ ਵਿਚ ਹਿੰਦ-ਪ੍ਰਸ਼ਾਂਤ ਅਤੇ ਯੂਕ੍ਰੇਨ ਜੰਗ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਹੈ। ਜੈਸ਼ੰਕਰ ਈ. ਯੂ. ਇੰਡੋ-ਪੈਸੀਫਿਕ ਮਨਿਸਟਰੀਅਲ ਫੋਰਮ (ਈ.ਆਈ.ਪੀ.ਐੱਮ.ਐੱਫ.) ’ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਸਵੀਡਨ ਦੇ 3 ਦਿਨਾਂ ਦੌਰੇ ’ਤੇ ਸਟਾਕਹੋਮ ਪਹੁੰਚੇ। ਉਨ੍ਹਾਂ ਈ.ਆਈ.ਪੀ.ਐੱਮ.ਐੱਫ. ਤੋਂ ਇਲਾਵਾ ਸ਼ਨੀਵਾਰ ਨੂੰ ਆਪਣੇ ਕਈ ਹਮਰੁਤਬਾ ਨਾਲ ਮੁਲਾਕਾਤ ਕੀਤੀ।

ਜੈਸ਼ੰਕਰ ਨੇ ਟਵੀਟ ਕੀਤਾ, ‘ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਬੈਸਟੀਲ ਡੇ ਦੌਰੇ ਨੂੰ ਸਫਲ ਬਣਾਉਣ ਲਈ ਉਨ੍ਹਾਂ ਵਾਂਗ ਹੀ ਉਤਸ਼ਾਹਿਤ ਹਨ। ਉਨ੍ਹਾਂ ਇੰਡੋ-ਪੈਸੀਫਿਕ ਅਤੇ ਜੀ-20 ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਫਰਾਂਸ ਵਿਚ ਬੈਸਟਿਲ ਡੇ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੋਦੀ ਨੂੰ ਪੈਰਿਸ ਵਿਚ ਹੋਣ ਵਾਲੀ ਪਰੇਡ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ। ਵਿਦੇਸ਼ ਮੰਤਰਾਲੇ ਅਨੁਸਾਰ, ਭਾਰਤੀ ਹਥਿਆਰਬੰਦ ਬਲਾਂ ਦੀ ਇਕ ਟੁਕੜੀ ਵੀ ਆਪਣੇ ਫਰਾਂਸੀਸੀ ਹਮਰੁਤਬਾ ਨਾਲ ਪਰੇਡ ਵਿਚ ਹਿੱਸਾ ਲਵੇਗੀ। ਜੈਸ਼ੰਕਰ ਨੇ ਆਸਟ੍ਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ੈਲਨਬਰਗ ਨਾਲ ਵੀ ਮੁਲਾਕਾਤ ਕੀਤੀ ਅਤੇ ਗਤੀਸ਼ੀਲਤਾ, ਪ੍ਰਵਾਸ ਸਬੰਧੀ ਸਮਝੌਤਿਆਂ ’ਤੇ ਦਸਤਖਤ ਕੀਤੇ। 

ਜੈਸ਼ੰਕਰ ਨੇ ਟਵੀਟ ਕੀਤਾ ਕਿ ਮੇਰੇ ਦੋਸਤ ਅਤੇ ਆਸਟ੍ਰੀਆ ਦੇ ਵਿਦੇਸ਼ ਮੰਤਰੀ ਸ਼ੈਲਨਬਰਗ ਨਾਲ ਨਿੱਘੀ ਅਤੇ ਲਾਭਕਾਰੀ ਗੱਲਬਾਤ ਹੋਈ। ਗਤੀਸ਼ੀਲਤਾ ਅਤੇ ਪ੍ਰਵਾਸ ਬਾਰੇ ਸਮਝੌਤਿਆਂ ’ਤੇ ਦਸਤਖਤ ਕੀਤੇ। ਗਲੋਬਲ ਮੁੱਦਿਆਂ, ਖਾਸ ਤੌਰ ’ਤੇ ਯੂਕ੍ਰੇਨ ਅਤੇ ਇੰਡੋ-ਪੈਸੀਫਿਕ ’ਤੇ ਚਰਚਾ ਕੀਤੀ। ਜੈਸ਼ੰਕਰ ਬੰਗਲਾਦੇਸ਼ ਤੋਂ ਸਵੀਡਨ ਪਹੁੰਚੇ, ਜਿਥੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਛੇਵੇਂ ਹਿੰਦ ਮਹਾਸਾਗਰ ਸੰਮੇਲਨ ਨੂੰ ਸੰਬੋਧਨ ਕੀਤਾ। ਬੈਲਜੀਅਮ ਦੇ ਵਿਦੇਸ਼ ਮੰਤਰੀ ਹਦਜਾ ਲਾਹਬੀਬ ਨਾਲ ਆਪਣੀ ਪਹਿਲੀ ਮੁਲਾਕਾਤ ਵਿਚ ਜੈਸ਼ੰਕਰ ਦੁਵੱਲੇ ਸਬੰਧਾਂ ਅਤੇ ਬਹੁਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ। ਉਨ੍ਹਾਂ ਨੇ ਬੁਲਗਾਰੀਆ ਦੇ ਵਿਦੇਸ਼ ਮੰਤਰੀ ਇਵਾਨ ਕੋਂਡੋਵ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਦੁਵੱਲੇ ਅਤੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ​​ਕਰਨ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਸਾਈਪ੍ਰਸ ਦੇ ਵਿਦੇਸ਼ ਮੰਤਰੀ ਕੋਨਸਟੈਂਟਿਨੋਸ ਕੋਮਬੋਸ ਨਾਲ ਗਤੀਸ਼ੀਲਤਾ ਅਤੇ ਸੈਰ-ਸਪਾਟੇ ਬਾਰੇ ਚਰਚਾ ਕੀਤੀ।


author

cherry

Content Editor

Related News