ਇਟਲੀ: ਕੋਵਿਡ-19 ਕਾਰਨ 12 ਸੂਬਿਆਂ ''ਤੇ ਲੱਗੀ ਪਾਬੰਦੀ, ਲੱਖਾਂ ਲੋਕਾਂ ਨੂੰ ਕੀਤਾ ''ਵੱਖਰਾ''

Sunday, Mar 08, 2020 - 03:38 PM (IST)

ਰੋਮ(ਆਈ.ਏ.ਐਨ.ਐਸ.)- ਇਟਲੀ ਦੀ ਸਰਕਾਰ ਨੇ ਲੋਂਬਾਰਡੀ ਖੇਤਰ ਤੇ 11 ਉੱਤਰ-ਪੂਰਬੀ ਸੂਬਿਆਂ ਲਈ ਇਕ ਹੁਕਮ ਜਾਰੀ ਕੀਤਾ ਹੈ, ਜਿਸ ਤਹਿਤ ਉਹਨਾਂ ਨੂੰ ਹੋਰਾਂ ਸੂਬਿਆਂ ਤੋਂ ਵੱਖਰਾ ਰੱਖਿਆ ਜਾਵੇਗਾ। ਇਹਨਾਂ ਇਲਾਕਿਆਂ ਵਿਚ ਤਕਰੀਬਨ ਇਕ ਕਰੋੜ 60 ਲੱਖ ਲੋਕਾਂ ਦੇ ਘਰ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 233 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਐਫੇ ਨਿਊਜ਼ ਏਜੰਸੀ ਮੁਤਾਬਕ ਇਹ ਹੁਕਮ ਐਤਵਾਰ ਨੂੰ ਲਾਗੂ ਹੋ ਗਿਆ ਹੈ ਤੇ 3 ਅਪ੍ਰੈਲ ਤੱਕ ਲਾਗੂ ਰਹੇਗਾ। ਇਸ ਹੁਕਮ ਮੁਤਾਬਕ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਇਲਾਕਾ ਛੱਡਣ ਜਾਂ ਹੋਰਾਂ ਲੋਕਾਂ ਦੇ ਇਹਨਾਂ ਇਲਾਕਿਆਂ ਵਿਚ ਦਾਖਲ ਹੋਣ 'ਤੇ ਰੋਕ ਲਾਈ ਗਈ ਹੈ। ਇਸ ਲਾਜ਼ਮੀ ਕੰਮ ਜਾਂ ਐਮਰਜੈਂਸੀ ਮਾਮਲਿਆਂ ਨੂੰ ਛੋਟ ਦਿੱਤੀ ਗਈ ਹੈ। ਦੱਸ ਦਈਏ ਤਿ ਲਗਭਗ 10 ਮਿਲੀਅਨ ਵਸਨੀਕਾਂ ਵਾਲੇ ਲੋਂਬਾਰਡੀ ਦਾ ਕੁੱਲ ਘਰੇਲੂ ਉਤਪਾਦ ਦਾ ਇਟਲੀ ਦੇ 20 ਫੀਸਦੀ ਤੋਂ ਵੀ ਵਧੇਰੇ ਹੈ। ਖੇਤਰੀ ਰਾਜਧਾਨੀ, ਮਿਲਾਨ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਨਗਰ ਹੈ। ਇਹ ਪਾਬੰਦੀ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿਚ ਸਥਿਤ ਮੋਡੇਨਾ, ਪਰਮਾ, ਪਿਆਸੇਂਜ਼ਾ, ਰੇਜੀਓ, ਰਿਮਿਨੀ, ਪਸਾਰੋ-ਈ-ਉਰਬੀਨੋ, ਵੈਨਜ਼ੀਆ, ਪਦੋਵਾ, ਟ੍ਰੇਵੀਸੋ, ਅਸਟੀ ਤੇ ਅਲੇਸੈਂਡਰੀਆ ਸੂਬਿਆਂ 'ਤੇ ਵੀ ਲਾਗੂ ਹੋਵੇਗੀ।

PunjabKesari

ਜ਼ਿਕਰਯੋਗ ਹੈ ਕਿ ਇਟਲੀ ਵਿਚ ਪੁਸ਼ਟੀ ਕੀਤੀ ਗਈ ਕੋਰੋਨਵਾਇਰਸ ਦੇ ਕੇਸਾਂ ਦੀ ਗਿਣਤੀ 5,883 ਹੈ ਤੇ ਉਹਨਾਂ ਵਿਚੋਂ 85 ਫੀਸਦੀ ਮਾਮਲੇ ਲੋਂਬਾਰਡੀ ਤੇ 11 ਨਾਮੀਂ ਸੂਬਿਆਂ ਦੇ ਹਨ। ਸਰਕਾਰ ਵਲੋਂ ਇਹਨਾਂ ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨ ਕੀਤਾ ਗਿਆ ਹੈ, ਜਿਥੇ ਦਾਖਲ ਹੋਣ ਜਾਂ ਇਲਾਕਾ ਛੱਡਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਜਿੰਮ, ਸਵੀਮਿੰਗ ਪੂਲ, ਥਰਮਲ ਬਾਥ, ਅਜਾਇਬ ਘਰ ਤੇ ਸਕੀ ਰਿਜ਼ਾਰਟ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਵੱਡੇ ਸਮਾਗਮਾਂ ਨੂੰ ਹਰ ਤਰ੍ਹਾਂ ਨਾਲ ਟਾਲਣ ਤੇ ਵਿਆਹ ਸਮਾਗਮਾਂ ਵਿਚ ਘੱਟ ਤੋਂ ਘੱਟ ਇਕੱਠ ਰੱਖਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਦੇ ਦੁਨੀਆਭਰ ਵਿਚ ਇਕ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3500 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Baljit Singh

Content Editor

Related News