ਇਟਲੀ ''ਚ ਕਾਮਿਆਂ ਨਾਲ ਹੋ ਰਿਹੈ ਧੱਕਾ ਰੋਕਣ ਲਈ ਭਾਰਤੀਆਂ ਨੇ ਕੀਤਾ ਵਿਸ਼ਾਲ ਮੁਜ਼ਾਹਰਾ

09/29/2020 11:09:40 AM

ਰੋਮ,(ਕੈਂਥ)-  ਇਟਲੀ ਭਰ ਦੇ ਕਾਮਿਆਂ ਦੀ ਆਵਾਜ਼ ਬੁਲੰਦ ਕਰਨ ਲਈ ਇਕੱਠ ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਲਾਤੀਨਾ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਇਟਲੀ ਭਰ ਤੋਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਇੱਕਠ ਦਾ ਮਕਸਦ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣਾ ਹੈ। ਖਰਾਬ ਮੌਸਮ ਦੇ ਬਾਵਜੂਦ ਇਹ ਇਕੱਠ ਨਹੀਂ ਰੁਕ ਸਕਿਆ। ਲੋਕਾਂ ਨੇ ਮੀਂਹ ਦੀ ਪਰਵਾਹ ਨਾ ਕਰਦਿਆਂਵੱਧ-ਚੜ੍ਹ ਕੇ ਇਸ ਇਕੱਠ ਵਿਚ ਸ਼ਮੂਲੀਅਤ ਕੀਤੀ।

ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਇਟਲੀ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ, ਵਾਈਸ ਪ੍ਰਧਾਨ ਹਰਭਜਨ ਸਿੰਘ ਘੁੰਮਣ, ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਮੈਂਬਰ ਕੁਲਵਿੰਦਰ ਸਿੰਘ ਅਟਵਾਲ, ਰਾਜਵਿੰਦਰ ਸਿੰਘ ਰਾਜਾ,ਇਟਾਲੀਅਨ ਮੂਲ ਦੇ ਸਪੋਰਟਰ ਮਾਰਕੋ ਉਮੀਜੋਲੋ ਨੇ ਕਿਹਾ ਕਿ ਅੱਜ ਦੇ ਲਾਤੀਨਾ ਵਿਖੇ ਹੋਏ ਇਕੱਠ ਵਿਚ ਇਟਲੀ ਭਰ ਤੋਂ ਆਏ ਲੋਕਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਸਮੂਹ ਕਰਮਚਾਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਗਈ ਹੈ ਕਿਉਂਕਿ ਕਾਮਿਆਂ ਨਾਲ ਮਾਲਕਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਦੇ ਖ਼ਿਲਾਫ਼ ਲੜਨ ਲਈ ਇਕੱਠੇ ਹੋਣਾ ਜ਼ਰੂਰੀ ਹੈ। 

ਪਿਆਸਾ ਦੈਲਾ ਲਿਬੇਰਤਾ , ਲਾਤੀਨਾ ਪ੍ਰੈਫੇਤੂਰਾ ਦੇ ਸਾਹਮਣੇ ਹੋਏ ਇਸ ਇੱਕਠ ਨੇ ਪ੍ਰਸ਼ਾਸਨ ਅਤੇ ਮਾਲਕਾਂ ਦੀ ਅੱਖਾਂ ਖੋਲ੍ਹ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕਠ ਅਸੀਂ ਆਪਣੇ ਲਈ ਨਹੀਂ ਸਗੋਂ ਸਮੂਹ ਕਾਮਿਆਂ ਲਈ ਸਮੂਹ ਸੰਸਥਾਵਾਂ, ਸਮੂਹ ਲੋਕਾਂ ਦੇ ਸਹਿਯੋਗ ਨਾਲ ਕਾਮਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ।  ਇੰਡੀਅਨ ਕਮਿਊਨਿਟੀ ਇੰਨ ਲਾਸੀਓ ਵਲੋਂ ਲਾਤੀਨਾ ਪ੍ਰੈਫੇਤੂਰਾ ਦੇ ਪਰਫੈਤੋ (ਡੀ ਸੀ) "ਮਾਉਰੀਸੀਉ ਫਾਲਕੋ ਨੂੰ ਇੱਕ ਮੰਗ ਪੱਤਰ ਮੰਗ ਦਿੱਤਾ ਗਿਆ ਅਤੇ ਜਿਸ ਲਈ ਉਨ੍ਹਾਂ ਭਰੋਸਾ ਦਵਾਇਆ ਕਿ ਜਲਦੀ ਹੀ ਅਸੀਂ ਇਸ ਤੇ ਬਣਦੀ ਕਾਰਵਾਈ ਕਰਾਂਗੇ।

ਦੱਸਣਯੋਗ ਹੈ ਕਿ ਮਾਲਕਾਂ ਵੱਲੋਂ ਘੱਟ ਤਨਖਾਹ, ਕੰਟਰੈਕਟ ਵਿੱਚ ਘੱਟ ਸਮਾਂ ਭਰਨਾ ਅਤੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਦੇ ਪ੍ਰਬੰਧਾਂ ਵਿਚ ਕਮੀ ਆਦਿ ਨੂੰ ਰੋਕਣ ਲਈ ਇਸ ਦੇ ਸ਼ਿਕਾਰ ਮਜ਼ਦੂਰ ਕਰਮਚਾਰੀਆਂ ਨੇ ਇਹ ਇਕੱਠ ਕੀਤਾ।
ਇਟਲੀ ਵਿਚ ਸਮਾਜ ਸੇਵੀ ਸੰਸਥਾਵਾਂ, ਸਮੂਹ ਗੁਰਦੁਆਰਿਆਂ ਦੇ ਆਗੂਆਂ ਵਲੋਂ ਵੀ ਇਸ ਇੱਕਠ ਨੂੰ ਸਫ਼ਲ ਬਣਾਉਣ ਲਈ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਵਿਚ "ਆਸ ਦੀ ਕਿਰਨ ਸੰਸਥਾ ਇਟਲੀ" ਅਤੇ 'ਸ਼ਹੀਦ ਭਗਤ ਸਿੰਘ ਸਭਾ ਰੋਮ' ਆਦਿ ਵਲੋਂ ਵੀ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਬਣਦਾ ਸਹਿਯੋਗ ਦਿੱਤਾ ਗਿਆ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਇਸ ਰੋਸ ਮੁਜ਼ਾਹਰੇ ਨਾਲ ਕਾਮਿਆਂ ਦੇ ਸ਼ੋਸ਼ਣ ਵਿਚ ਵੱਡੇ ਪੱਧਰ 'ਤੇ ਠੱਲ ਪਵੇਗੀ।


Lalita Mam

Content Editor

Related News