ਇਟਲੀ ਤੋਂ ਭਾਰਤ ਗਏ ਭਾਰਤੀਆਂ ਨੂੰ ਏਅਰਲਾਈਨ ਟਿਕਟਾਂ ਦੇ ਰੇਟਾਂ ਨੇ ਕੀਤਾ ਰੌਣ ਹਾਕੇ

5/16/2020 3:33:59 PM

ਰੋਮ (ਕੈਂਥ): ਕੋਵਿਡ-19 ਮਹਾਮਾਰੀ ਪੂਰੀ ਦੁਨੀਆ ਨੂੰ ਜਿਸ ਆਰਥਿਕ ਮੰਦਹਾਲੀ ਦੀ ਦਲਦਲ ਵਿੱਚ ਨਿਰੰਤਰ ਧੱਕਦਾ ਜਾ ਰਹੀ ਹੈ ਉਸ ਨਾਲ ਪ੍ਰਭਾਵਿਤ ਦੇਸ਼ਾਂ ਦੀਆਂ ਸਰਕਾਰਾਂ ਚੱਕਰਾਂ ਵਿੱਚ ਹਨ ਕਿ ਮੌਜੂਦਾ ਹਾਲਤਾਂ ਨਾਲ ਕਿੱਦਾਂ ਨਜਿੱਠਿਆ ਜਾਵੇ।ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਦਾ ਕੋਵਿਡ-19 ਨੇ ਢਾਂਚਾ ਹੀ ਹਿੱਲਾ ਕੇ ਰੱਖ ਦਿੱਤਾ ਹੈ ਤੇ ਨਾਲ ਹੀ ਆਮ ਜਨਤਾ ਨੂੰ ਭੱਵਿਖ ਪ੍ਰਤੀ ਡੂੰਘੀਆਂ ਚਿੰਤਾਵਾਂ ਦੀ ਅੱਗ ਵਿੱਚ ਝੋਕ ਦਿੱਤਾ ਹੈ।ਅਜਿਹੇ ਦੌਰ ਵਿੱਚ ਇਟਲੀ ਤੋਂ ਭਾਰਤ ਗਏ ਹਜ਼ਾਰਾਂ ਉਹ ਲੋਕ ਵੀ ਬੇਵਸੀ ਤੇ ਲਾਚਾਰੀ ਦੇ ਆਲਮ ਵਿੱਚੋਂ ਲੰਘ ਰਹੇ ਹਨ ਜਿਹੜੇ ਕਿ ਕੋਵਿਡ-19 ਕਾਰਨ ਭਾਰਤ ਵਿੱਚ ਹੋਏ ਲਾਕਡਾਊਨ ਕਾਰਨ ਆਪਣੇ ਘਰਾਂ ਦੀਆਂ ਚਾਰਦੀਵਾਰੀਆਂ ਵਿੱਚ ਘਿਰੇ ਬੈਠੇ ਹਨ।

ਇਟਲੀ ਵਿੱਚ ਸਰਕਾਰ ਨੇ 4 ਮਈ ਨੂੰ ਲਾਕਡਾਊਨ ਖੋਲ੍ਹ ਦਿੱਤਾ ਸੀ ਤੇ ਜਿਹੜੇ ਕੁਝ ਕਾਰੋਬਾਰ ਬੰਦ ਹਨ ਉਹਨਾਂ ਨੂੰ 18 ਮਈ ਤੇ 3 ਜੂਨ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਪਰ ਭਾਰਤ ਵਿੱਚ ਸਰਕਾਰ ਵੱਲੋਂ ਲਾਕਡਾਊਨ ਪ੍ਰਤੀ ਆਪਣਾ ਪੱਖ ਸਪੱਸ਼ਟ ਨਾ ਕਰਨ ਕਾਰਨ ਭਾਰਤ ਤੋਂ ਇਟਲੀ ਆਉਣ ਵਾਲੇ ਭਾਰਤੀਆਂ ਦੀ ਜਾਨ ਸੂਲੀ ਉਪੱਰ ਟੰਗਣ ਬਰਾਬਰ ਹੈ। ਕਿਉਂਕਿ ਜਿਹੜੇ ਲੋਕ ਇਟਲੀ ਤੋਂ ਭਾਰਤ ਪਰਿਵਾਰਾਂ ਸਮੇਤ ਆਪਣੇ ਸਾਕ-ਸੰਬੰਧੀਆਂ ਨੂੰ ਮਿਲਣ ਗਏ ਹਨ ਉਹਨਾਂ ਦੇ ਇਟਲੀ ਵਾਲੇ ਬੰਦ ਘਰਾਂ ਦੇ ਹਜ਼ਾਰਾਂ ਯੂਰੋ ਕਿਰਾਏ ਦਾ ਕਰਜ਼ਾ ਸਿਰ ਉਪੱਰ ਚੜ੍ਹ ਰਿਹਾ ਹੈ।ਇਹ ਜ਼ਿਆਦਾਤਰ ਉਹ ਲੋਕ ਹਨ ਜਿਹੜੇ ਕਿ ਇਟਲੀ ਤੋਂ ਏਅਰ ਇੰਡੀਆ ਜਾਂ ਅਲਇਟਾਲੀਆ ਦੀਆਂ ਰੋਮ/ਮਿਲਾਨ ਦੀਆਂ ਸਿੱਧੀਆਂ ਫਲਾਈਟਾਂ ਨਾਲ ਦਿੱਲੀ ਪਹੁੰਚੇ ਸਨ।ਇਸ ਦੇ ਇਲਾਵਾ ਆਉਣ-ਜਾਣ ਦੀਆਂ ਟਿਕਟਾਂ ਓ,ਕੇ ਕਰਵਾ ਕੇ ਭਾਰਤ ਪਹੁੰਚੇ ਸਨ। 

ਇਹ ਭਾਰਤੀ ਹੁਣ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਵਿੱਚੋ ਗੁਜ਼ਰ ਰਹੇ ਹਨ ਕਿਉਂਕਿ ਸੰਬੰਧਤ ਏਅਰ ਲਾਈਨਾਂ ਵੱਲੋਂ ਇਹਨਾਂ ਨੂੰ ਹਾਲੇ ਕੋਈ ਲੜ ਰਿਹਾ ਨਹੀਂ ਫੜਾਇਆ ਜਾ ਰਿਹਾ ਹੈ। ਜੇਕਰ ਇਹ ਵਿਚਾਰੇ ਟਿਕਟਾਂ ਵਾਲੀ ਏਜੰਸੀ ਨਾਲ ਰਾਬਤਾ ਕਰਦੇ ਹਨ ਜਿੱਥੋ ਇਨ੍ਹਾਂ ਟਿਕਟਾਂ ਖਰੀਦੀਆਂ ਤਾਂ ਉਹ ਹਾਲੇ ਕੋਈ ਜਾਣਕਾਰੀ ਨਹੀਂ ਆਈ ਕਹਿ ਕੇ ਪੱਲਾ ਝਾੜ ਲੈਂਦੇ ਹਨ।ਇਹਨਾਂ ਭਾਰਤੀਆਂ ਵਿੱਚ ਉਹ ਲੋਕ ਵੀ ਹਨ ਜਿਹੜੇ ਕਿ ਇੱਕਲੇ ਹੀ ਇਟਲੀ ਤੋਂ ਭਾਰਤ ਇੱਕ ਪਾਸੇ ਦੀ ਟਿਕਟ ਲੈਕੇ ਆਏ ਸਨ। ਅਜਿਹੇ ਲੋਕਾਂ ਨੇ ਇਟਲੀ ਅਤੇ ਭਾਰਤ ਦੀਆਂ ਵੱਸ-ਵੱਖ ਅੰਬੈਂਸੀਆਂ ਨੂੰ ਆਪਣੀ ਪ੍ਰੇਸ਼ਾਨੀ ਦੱਸਦਿਆਂ ਵਿਸ਼ੇਸ਼ ਜਹਾਜ਼ ਚਲਾਉਣ ਦੀ ਅਪੀਲ ਕੀਤੀ, ਜਿਸ ਉਪੱਰ ਕਾਰਵਾਈ ਕਰਦਿਆਂ ਏਅਰ ਇੰਡੀਆ ਦੀ ਵਿਸ਼ੇਸ਼ ਫਲਾਈਟ 20 ਮਈ ਨੂੰ ਦਿੱਲੀ ਤੋਂ ਰੋਮ ਚਲੱਣ ਜਾ ਰਹੀ ਹੈ ਜਿਸ ਦੀ ਇੱਕ ਪਾਸੇ ਦੀ ਟਿਕਟ ਹੀ 65 ਹਜ਼ਾਰ ਤੋਂ ਉਪੱਰ ਦੱਸੀ ਜਾ ਰਹੀ ਤੇ ਦੂਜਾ ਇਸ ਫਲਾਈਟ ਵਿੱਚ ਸਿਰਫ਼ ਉਹੀ ਯਾਤਰੀ ਸਫ਼ਰ ਕਰ ਸਕਦੇ ਹਨ ਜਿਹੜੇ ਕਿ ਨਵੀਂ ਟਿਕਟ ਖਰੀਦਣਗੇ। ਪਹਿਲਾਂ ਖਰੀਦੀਆਂ ਟਿਕਟਾਂ ਵਾਲਿਆਂ ਨੂੰ ਇਸ ਫਲਾਈਟ ਵਿੱਚ ਲਿਜਾਉਣ ਦੀ ਕੋਰੀ ਨਾਂਹ ਹੀ ਹੋ ਰਹੀ ਹੈ।

ਅਜਿਹੇ ਪ੍ਰੇਸ਼ਾਨੀ ਵਾਲੇ ਮਾਹੌਲ ਵਿੱਚ ਪ੍ਰੈੱਸ ਨੂੰ ਭਾਰਤ ਫਸੇ ਇੱਕ ਪਰਿਵਾਰ ਦੇ ਮੁੱਖੀ ਨੇ ਬੇਹੱਦ ਭਾਵੁਕ ਹੁੰਦਿਆਂ ਫੋਨ ਉਪੱਰ ਜਾਣਕਾਰੀ ਦਿੰਦਿਆਂ ਕਿਹਾ,''ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਸਮੇਤ ਆਉਣ-ਜਾਣ ਵਾਲੀਆਂ ਏਅਰ ਇੰਡੀਆਂ ਦੀਆਂ ਟਿਕਟਾਂ ਰਾਹੀਂ ਭਾਰਤ ਆਇਆ ਸੀ ਤੇ ਇੱਥੇ ਲਾਕਡਾਊਨ ਵਿੱਚ ਫੱਸ ਗਏ, ਜਿਸ ਕਾਰਨ ਉਸ ਨੂੰ ਪਿਛਲੇ 4 ਮਹੀਨਿਆਂ ਤੋਂ ਘਰ ਦਾ ਕਿਰਾਇਆ, ਬਿਜਲੀ ਦਾ ਬਿੱਲ, ਗੈਸ ਦਾ ਬਿੱਲ, ਪਾਣੀ ਦਾ ਬਿੱਲ ਤੇ ਹੋਰ ਖਰਚੇ ਇਟਲੀ ਵਿੱਚ ਪੈ ਰਹੇ ਹਨ ਤੇ ਜਿਹੜੇ ਕੋਲ ਪੈਸੇ ਸਨ ਉਹ ਵੀ ਲਾਕਡਾਊਨ ਦੌਰਾਨ ਖਰਚ ਹੋ ਗਏ।'' ਹੁਣ ਏਅਰ ਇੰਡੀਆ ਉਹਨਾਂ ਨੂੰ ਵਾਪਿਸ ਇਟਲੀ ਲਿਜਾਉਣ ਲਈ ਪੁਰਾਣੀਆਂ ਟਿਕਟਾਂ ਸੰਬੰਧੀ ਕੋਈ ਹੁੰਗਾਰਾ ਨਹੀਂ ਭਰ ਰਹੀ ਤੇ ਨਵੀਆਂ ਟਿਕਟਾਂ ਖਰੀਦਣ ਲਈ ਉਹਨਾਂ ਕੋਲ ਇੰਨੇ ਪੈਸੇ ਨਹੀਂ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 3 ਜੂਨ ਤੋਂ ਹੋਵੇਗੀ ਵਿਦੇਸ਼ ਯਾਤਰਾ ਦੀ ਇਜਾਜ਼ਤ

ਅਜਿਹੇ ਹਾਲਾਤਾਂ ਵਿੱਚ ਕੋਈ ਸਮਝ ਨਹੀਂ ਲੱਗ ਰਹੀ ਕੀ ਕੀਤਾ ਜਾਵੇ, ਕਿਸ ਨੂੰ ਮਦਦ ਕਰਨ ਲਈ ਦਿਲ ਖੋਲ੍ਹ ਕੇ ਦਰਦ ਸੁਣਾਈਏ।ਜਦੋਂ ਕਿ ਪਹਿਲਾਂ ਭਾਰਤ ਤੋਂ ਇਟਲੀ ਦੀ ਇੱਕ ਪਾਸੇ ਦੀ ਟਿਕਟ ਸਿਰਫ਼ 25-30 ਹਜ਼ਾਰ ਦੀ ਮਿਲ ਜਾਂਦੀ ਸੀ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿੱਚ ਕੁਝ ਲੋਕ ਭਾਰਤ ਗਏ ਭੋਲੇ-ਭਾਲੇ ਭਾਰਤੀਆਂ ਨੂੰ ਲੁੱਟਣ ਲਈ ਆਪਣਾ ਜਹਾਜ਼ ਚਲਾਉਣ ਲਈ ਜਾਲ ਵੀ ਬਿਛਾਈ ਬੈਠੇ ਹਨ ਜਿਹੜਾ ਸਿਵਾਏ ਠੱਗੀ ਦੇ ਹੋਰ ਕੁਝ ਨਹੀਂ।ਇਹਨਾਂ ਠੱਗਬਾਜ਼ ਲੋਕਾਂ ਨੇ ਇੱਕ ਮਸ਼ਹੂਰ ਪੰਜਾਬੀ ਚੈੱਨਲ ਦਾ ਲੋਗੋ ਲਗਾਕੇ ਵੀ ਆਪਣੀ ਠੱਗੀ ਨੂੰ  ਸੱਚਾ ਸੌਦਾ ਬਣਾਉਣ ਦੀ ਕੋਸਿਸ ਕੀਤੀ ਪਰ ਚੈਨਲ ਨੇ ਇਹਨਾਂ ਠੱਗਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਤੇ ਕਿਹਾ ਕਿ ਉਹਨਾਂ ਅਜਿਹਾ ਕੋਈ ਪ੍ਰਸਾਰਨ ਨਹੀ ਕੀਤਾ। 

ਸਰਕਾਰ 3 ਜੂਨ ਤੋਂ ਦੇਸ਼ ਵਿੱਚ ਹੋਰ ਯੂਰਪੀਅਨ ਦੇਸ਼ਾਂ ਦੇ ਯਾਰਤੀਆਂ ਦੀ ਹਵਾਈ ਜਹਾਜ਼ ਰਾਹੀਂ ਯਾਤਰਾ ਖੋਲ੍ਹ ਰਹੀ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ 3 ਜੂਨ ਤੋਂ ਬਾਅਦ ਭਾਰਤ ਤੋਂ ਇਟਲੀ ਦੀਆਂ ਹਵਾਈ ਸੇਵਾਵਾਂ ਵੀ ਜਲਦ ਚੱਲ ਪੈਣਗੀਆਂ।ਜਿਹੜੇ ਵੀ ਭਾਰਤੀ ਭਾਰਤ ਤੋਂ ਇਟਲੀ ਆਉਣ ਵਾਲੇ ਹਨ ਕਿਰਪਾ ਉਹ ਥੋੜ੍ਹਾ ਇੰਤਜਾਰ ਕਰਨ ਤੇ ਕਾਹਲਬਾਜ਼ੀ ਤੋਂ ਕੰਮ ਨਾ ਲੈਣ। ਅਜਿਹਾ ਨਾ ਹੋਵੇ ਕਿ ਕੋਰੋਨਾ ਸੰਕਟ ਕਾਰਨ ਹੋਏ ਨੁਕਸਾਨ ਨੂੰ ਝੱਲਣ ਦੇ ਨਾਲ ਕੋਈ ਹੋਰ ਵੀ ਠੱਗੀ ਦਾ ਨੁਕਸਾਨ ਵੀ ਝੱਲਣਾ ਪਵੇ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana