ਇਟਲੀ : ਪ੍ਰਬੰਧਕਾਂ ਵੱਲੋਂ ਢਹਿ-ਢੇਰੀ ਹੋਏ ਪੁਲ ਦੇ ਨੁਕਸਾਨ ਲਈ 500 ਮਿਲੀਅਨ ਯੂਰੋ ਦੀ ਮਦਦ ਦੇਣ ਦਾ ਐਲਾਨ

08/19/2018 3:18:16 PM

ਰੋਮ/ਇਟਲੀ (ਕੈਂਥ)— ਇਟਲੀ ਦੇ ਸ਼ਹਿਰ ਜੇਨੋਆ ਵਿਖੇ ਬੀਤੀ 14 ਅਗਸਤ ਨੂੰ ਭਾਰੀ ਮੀਂਹ ਕਾਰਨ ਡਿੱਗਿਆ ਪੁਲ  40 ਬੇਕਸੂਰ ਜਿੰਦਗੀਆਂ ਦਾ ਕਾਲ ਸਾਬਿਤ ਹੋਇਆ ਹੈ, ਜਿਸ ਕਾਰਨ ਇਟਲੀ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਪੁਲ ਢਹਿਣ ਕਾਰਨ ਹੋਈ ਤਬਾਹੀ ਵਿਚ ਅਨੇਕਾਂ ਲੋਕ ਬੇਘਰ ਹੋ ਗਏ ਅਤੇ ਸ਼ਹਿਰ ਦਾ ਵੀ ਕਾਫ਼ੀ ਆਰਥਿਕ ਨੁਕਸਾਨ ਹੋਇਆ।ਕਈ ਅਜਿਹੇ ਵੀ ਹਨ ਜਿਹੜੇ ਕਿ ਇਸ ਸਦਮੇ ਕਾਰਨ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਝੰਜੋੜੇ ਗਏ ਹਨ।

ਇਟਲੀ ਦੇ ਮੁੱਖ ਸੜਕੀ ਮਾਰਗ ਆਟੋਸਤਰਾਦਾ ਦੇ ਮੁੱਖੀ ਜਿਓਵਾਨੀ ਕਸਤੇਲਲੂਚੀ ਨੇ ਇਸ ਦੁੱਖਦਾਈ ਘਟਨਾ ਦੇ ਮੱਦੇਨਜ਼ਰ ਜੇਨੋਆ ਸ਼ਹਿਰ ਦੀ ਮਦਦ ਅਤੇ ਪੁਲ ਦੇ ਪੁਨਰ-ਨਿਰਮਾਣ ਲਈ 500 ਮਿਲੀਅਨ ਯੂਰੋ ਦੇਣ ਦਾ ਐਲਾਨ ਕੀਤਾ ਹੈ ਜਿਹੜੀ ਕਿ ਸੋਮਵਾਰ ਨੂੰ ਮੁੱਹਈਆ ਵੀ ਹੋ ਜਾਵੇਗੀ।ਜਿਓਵਾਨੀ ਕਸਤੇਲਲੂਚੀ ਨੇ ਕਿਹਾ ਕਿ ਆਟੋਸਤਰਾਦਾ ਦੇ ਪ੍ਰਬੰਧਕ ਜਿਹੜੇ ਕਿ ਇਟਲੀ ਦੇ ਅੱਧ ਤੋਂ ਵੱਧ ਮੋਟਰਵੇਅ ਨੈੱਟਵਰਕ ਨੂੰ ਚਲਾਉਂਦੇ ਹਨ, 8 ਮਹੀਨਿਆਂ ਵਿਚ ਇਕ ਨਵਾਂ ਸਟੀਲ ਪੁਲ ਤਿਆਰ ਕਰਨਗੇ।ਜਿਓਵਾਨੀ ਕਸਤੇਲਲੂਚੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਘਟਨਾ ਵਿਚ ਮਰਨ ਵਾਲੇ ਲੋਕਾਂ ਦੀ ਸਹਾਇਤਾ ਲਈ ਨਗਰ ਕੌਂਸਲ ਜੇਨੋਆ ਨੂੰ ਲੱਖਾਂ ਯੂਰੋ ਦੇ ਫੰਡ ਦੇਵੇਗੀ।ਇਸ ਹਾਦਸੇ ਵਿਚ ਬੇਘਰ ਹੋਏ ਸੈਂਕੜੇ ਲੋਕਾਂ ਦੀ ਵੀ ਆਰਥਿਕ ਮਦਦ ਕੀਤੀ ਜਾਵੇਗੀ।


Related News