ਇਟਲੀ ''ਚ ਕੋਰੋਨਾ ਵਧਣ ਦੇ ਖ਼ਦਸ਼ੇ ਕਾਰਨ ਲੱਗਾ ਰਾਤ ਦਾ ਕਰਫਿਊ , ਗਿਰਜਾਘਰ ''ਚ ਲਾਏ ਬੈੱਡ
Saturday, Nov 07, 2020 - 04:08 PM (IST)
ਰੋਮ,(ਕੈਂਥ )- ਇਟਲੀ ਦੇ ਸਿਹਤ ਮੰਤਰਾਲੇ ਵਲੋਂ ਜਾਰੀ ਰਿਪੋਰਟ ਵਿਚ ਕਿਹਾ ਕਿ ਇਟਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 37,809 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਬੀਤੇ ਦਿਨ ਨਾਲੋਂ 3,000 ਨਵੇਂ ਮਾਮਲਿਆਂ ਨਾਲੋਂ ਵੱਧ ਹਨ ਅਤੇ 446 ਕੋਵਿਡ-19 ਪੀੜਤ ਲੋਕਾਂ ਦੀ ਮੌਤ ਹੋਈ ਹੈ ਜਦ ਕਿ ਅਪ੍ਰੈਲ 2020 ਵਿਚ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਤੋਂ ਬਾਅਦ ਅੱਜ ਦੀ ਸਭ ਤੋਂ ਵੱਧ ਸੰਖਿਆ ਹੈ।
ਇਹ ਵੀ ਪੜ੍ਹੋ- UK 'ਚ ਸਕਾਟਲੈਂਡ ਨੇ ਕੀਤੀ ਪਹਿਲ, ਬੱਚਿਆਂ ਨੂੰ ਸਰੀਰਕ ਸਜ਼ਾ ਦੇਣ 'ਤੇ ਲਾਈ ਪਾਬੰਦੀ
ਇਟਲੀ ਵਿਚ ਕੋਰੋਨਾ ਕਾਰਨ 40,638 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਵਿਚ ਕੁੱਲ 8,62,681 ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 2,34,245 ਸਵੈਬ ਟੈਸਟ ਕੀਤੇ ਗਏ ਜੋ ਬੀਤੇ ਦਿਨ ਨਾਲੋਂ 15,000 ਵੱਧ ਸਨ। ਇਟਲੀ ਦੇ ਉੱਤਰੀ ਖੇਤਰ ਲੋਂਬਾਰਦੀ ਸੂਬਾ ਸਭ ਤੋਂ ਪ੍ਰਭਾਵਿਤ ਖੇਤਰ ਰਿਹਾ ਅਤੇ ਸੂਬਾ ਪਿਆਮੋਨਤੇ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਸ ਦੇ ਨਾਲ ਸੂਬਾ ਵਾਲੇ ਦੀ ਆਓਸਤਾ ਅਤੇ ਸੂਬਾ ਕਲਾਬਰੀਆ ਇਨ੍ਹਾਂ 4 ਖੇਤਰਾਂ ਨੂੰ 'ਰੈੱਡ ਜ਼ੋਨ' ਘੋਸ਼ਿਤ ਕੀਤਾ ਗਿਆ।
ਤੋਰੀਨੋ ਦੇ ਇਕ ਗਿਰਜਾਘਰ 'ਚ ਲਗਾਏ ਬੈੱਡ-
ਇਟਲੀ ਦੇ ਸ਼ਹਿਰ ਤੋਰੀਨੋ ਵਿਖੇ ਹਸਪਤਾਲ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਅਚਾਨਕ ਗਿਣਤੀ ਵੱਧ ਜਾਣ ਕਰਕੇ ਦੇ ਸੰਨ ਲੂਗੀਜੀ ਓਰਬੈਸਾਨੋ ਹਸਪਤਾਲ ਦੇ ਚਰਚ ਵਿਚ ਕੋਵਿਡ ਮਰੀਜ਼ਾਂ ਦੇ ਇਲਾਜ ਲਈ 135 ਬੈੱਡ ਉਪਲੱਬਧ ਕਰਵਾਏ ਗਏ । ਇਹ ਤੋਰੀਨੋ ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਮਰੀਜ਼ਾਂ ਦੇ ਇਲਾਜ ਲਈ ਬਿਸਤਰਿਆਂ ਦੀ ਇਕ ਕਤਾਰ ਲਗਾਈ ਗਈ ਹੈ, ਜਿੱਥੇ ਕਿ ਘੱਟ ਬੀਮਾਰ ਮਰੀਜ਼ਾਂ ਦੀ ਦੇਖਭਾਲ ਹੋਵੇਗੀ।
ਕਰਫਿਊ ਦੌਰਾਨ ਬਾਹਰ ਜਾਣ ਸਮੇਂ ਫਾਰਮ ਰੱਖਣਾ ਜ਼ਰੂਰੀ-
ਇਟਾਲੀਅਨ ਸਰਕਾਰ ਵਲੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਦੇਸ਼ ਵਿਆਪੀ ਕਰਫਿਊ ਦਾ ਐਲਾਨ ਤੋਂ ਬਾਅਦ ਤਾਂ ਜੇਕਰ ਕਿਸੇ ਖਾਸ ਕਾਰਨ ਕਰ ਕੇ ਰਾਤ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਉਸ ਨੂੰ ਇਕ ਫਾਰਮ ਭਰ ਕੇ ਨਾਲ ਰੱਖਣਾ ਪਏਗਾ, ਜਿਸ ਵਿਚ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੇ ਜਾ ਰਹੇ ਹੋ ਅਤੇ ਕਿਉਂ ਜਾ ਰਹੇ ਹੋ ਦੀ ਜਾਣਕਾਰੀ ਦੇਣੀ ਹੋਵੇਗੀ । ਜਾਣਕਾਰੀ ਨਾ ਦੇਣ ਦੀ ਸੂਰਤ ਵਿਚ ਭਾਰੀ ਜੁਰਮਾਨਾ ਹੋ ਸਕਦਾ ਹੈ।