ਇਟਲੀ 'ਚ ਰਾਸ਼ਟਰੀ ਦਿਵਸ ਮੌਕੇ ਕੋਰੋਨਾ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Friday, Mar 19, 2021 - 03:15 PM (IST)

ਰੋਮ/ਇਟਲੀ (ਦਲਵੀਰ ਕੈਂਥ) ਕੋਵਿਡ-19 ਦੇ ਕਹਿਰ ਨੇ ਦੁਨੀਆ ਭਰ ਵਿੱਚ ਕੋਹਰਾਮ ਮਚਾਇਆ ਹੋਇਆ ਹੈ। ਇਟਲੀ ਵੀ ਇਸ ਦਰਦ ਨੂੰ ਪਿੰਡੇ ਹੰਢਾਅ ਰਿਹਾ ਹੈ।ਕੋਵਿਡ ਦੇ ਕਹਿਰ ਨਾਲ ਜਹਾਨੋ ਕੂਚ ਕਰ ਜਾਣ ਵਾਲਿਆਂ ਨੂੰ ਯਾਦ ਕਰਦਿਆਂ 18 ਮਾਰਚ ਨੂੰ ਇਟਲੀ ਦੇ ਬੈਰਗਾਮੋ ਸ਼ਹਿਰ ਵਿਖੇ “ਰਾਸ਼ਟਰੀ ਦਿਨ” ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਕਿਉਂਕਿ 18 ਮਾਰਚ, 2020 ਨੂੰ ਇਟਲੀ ਦੇ ਉੱਤਰੀ ਖੇਤਰ ਦੇ ਸ਼ਹਿਰ ਬੈਰਗਾਮੋ ਵਿਖੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਉਸ ਦਿਨ ਸਰਕਾਰ ਨੂੰ ਆਰਮੀ (ਫੌਜ) ਦੀ ਸਹਾਇਤਾ ਲੈਣੀ ਪਈ ਸੀ।

PunjabKesari

ਇਟਲੀ ਦੀ ਫ਼ੌਜ ਨੂੰ ਬੈਰਗਾਮੋ ਤੋਂ ਦੂਰ ਤਾਬੂਤ ਲਿਜਾਣ ਲਈ ਟਰੱਕਾਂ ਦਾ ਕਾਫ਼ਲਾ ਸੰਗਠਿਤ ਕਰਨਾ ਪਿਆ ਸੀ ਕਿਉਂਕਿ ਉੱਤਰੀ ਇਟਲੀ ਦਾ ਲੋਮਬਾਰਦੀਆ ਸੂਬਾ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸਮੇਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ,ਜਿਸ ਕਰਕੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਸੀ।ਦੂਜੇ ਪਾਸੇ ਉੱਤਰੀ ਇਟਲੀ ਦੇ ਸ਼ਹਿਰਾਂ ਵਿੱਚ ਮਰਨ ਵਾਲਿਆ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟਾਂ ਅੰਦਰ ਥਾਂ ਦੀ ਥੋੜ ਹੋ ਗਈ ਸੀ। ਇਟਲੀ ਦੇ ਸਾਬਕਾ ਅਤੇ ਉਸ ਸਮੇ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 18 ਮਾਰਚ ਨੂੰ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਕੇ ਮਰਨ ਵਾਲੇ ਵਿਅਕਤੀਆਂ ਦੀ ਯਾਦ ਵਿੱਚ “ਰਾਸ਼ਟਰੀ ਦਿਨ” ਵਜੋਂ ਸਮਰਪਿਤ ਹੋਵੇਗਾ, ਜਿਸ ਸੰਬਧੀ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤਾਰੇਲਾ ਵਲੋਂ 17 ਮਾਰਚ 2021 ਨੂੰ ਸੰਸਦ ਵਿੱਚ “18 ਮਾਰਚ ਨੂੰ ਰਾਸ਼ਟਰੀ ਦਿਨ” ਵਜੋਂ ਪ੍ਰਵਾਨਗੀ ਕਾਨੂੰਨ ਤੇ ਦਸਤਖ਼ਤ ਕਰ ਦਿੱਤੇ ਸਨ। 

PunjabKesari

ਹੁਣ ਇਟਲੀ ਸਰਕਾਰ ਹਰ ਸਾਲ 18 ਮਾਰਚ ਨੂੰ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੇ ਪੀੜਤਾਂ ਦੀ ਯਾਦਗਾਰ ਵਿੱਚ “ਰਾਸ਼ਟਰੀ ਦਿਨ” ਵਜੋਂ ਯਾਦ ਕਰੇਗੀ, ਜਿਸ ਦੀ ਸ਼ੁਰੂਆਤ ਇਟਲੀ ਸਰਕਾਰ ਵੱਲੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੀ ਅਗਵਾਈ ਵਿੱਚ ਇਸ ਦਿਨ ਨੂੰ ਬੈਰਗਾਮੋ ਸ਼ਹਿਰ ਵਿਖੇ ਸ਼ਰਧਾਂਜਲੀ ਸਮਾਗਮ ਦੇ ਤੌਰ 'ਤੇ ਕਰ ਦਿੱਤੀ ਗਈ ਹੈ।ਵੀਰਵਾਰ ਨੂੰ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਉਸ ਸ਼ਮਸ਼ਾਨ ਘਾਟ ਵਿੱਚ ਜਾ ਕੇ ਕੋਵਿਡ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਬੈਰਗਾਮੋ ਸ਼ਹਿਰ ਦੇ ਮੇਅਰ ਜੌਰਜੌ ਗੌਰੀ ਅਤੇ ਲੋਮਬਾਰਦੀਆ ਸੂਬੇ ਦੇ ਰਾਜਪਾਲ ਆਂਤੀਲੀਓ ਫੌਨਤਾਨਾ ਵੀ ਹਾਜ਼ਰ ਸਨ।ਬਾਅਦ ਵਿੱਚ ਉਨ੍ਹਾਂ ਵਲੋਂ ਸ਼ਹਿਰ ਵਿੱਚ ਮਾਰਤਿਨ ਲੂਤਰੋ ਐਲਾ ਤਰੂਕਾ ਪਾਰਕ ਵਿਖੇ ਮਰਹੂਮਾਂ ਨੂੰ ਯਾਦ ਕਰਦਿਆਂ ਤੇ ਉਹਨਾਂ ਦੀ ਯਾਦ ਵਿੱਚ ਪਾਰਕ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਲਗਭਗ 100 ਦੇ ਕਰੀਬ ਦਰੱਖ਼ਤ ਲਗਾਏ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ - ਇਟਲੀ : ਪੰਜਾਬ ਦੀ ਧੀ ਯੈਸਮੀਨ ਇੰਗਲੈਂਡ ਯੂਨੀਵਰਸਿਟੀ ਚੋਣ ਜਿੱਤ ਕੇ ਬਣੀ ਵਾਇਸ ਪ੍ਰੈਜੀਡੈਂਟ

ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਦੇ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਸਾਡੇ ਆਪਣੇ ਸਨ, ਜਿਹਨਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਦੂਜੇ ਪਾਸੇ 18 ਮਾਰਚ “ਰਾਸ਼ਟਰੀ ਦਿਨ” ਨੂੰ ਮੁੱਖ ਰੱਖਦਿਆਂ ਪੂਰੇ ਦੇਸ਼ ਵਿੱਚ ਸਰਕਾਰੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਤੇ ਝੂਲਦੇ ਇਟਲੀ ਦੇ ਰਾਸ਼ਟਰੀ ਝੰਡੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਧਾ ਝੁਕਾਇਆ ਗਿਆ।ਜ਼ਿਕਰਯੋਗ ਹੈ ਕਿ ਹੁਣ ਤੱਕ ਇਟਲੀ ਵਿੱਚ ਕੁੱਲ 103,855 ਮੌਤਾਂ ਹੋ ਚੁੱਕੀਆਂ ਹਨ ਤੇ ਲੱਖਾਂ ਲੋਕ ਇਸ ਨੂੰ ਅੱਜ ਵੀ ਪਿੰਡੇ ਹੰਢਾਉਦੇ ਹੋਏ ਕੋਵਿਡ ਵਿਰੁੱਧ ਲੜਾਈ ਲੜ ਰਹੇ ਹਨ।
 


Vandana

Content Editor

Related News