ਇਟਲੀ ਦੇ ਸ਼ਹਿਰ ਵਿਰੋਨਾ ਤੇ ਵਿਚੈਂਸਾ ''ਚ ਲੁਟੇਰਾ ਗੈਂਗ ਹੋਇਆ ਸਰਗਰਮ

10/18/2018 11:11:43 AM

ਰੋਮ (ਕੈਂਥ)— ਬੇਸ਼ੱਕ ਇਟਲੀ ਯੂਰਪੀਅਨ ਦੇਸ਼ ਹੈ ਤੇ ਇੱਥੋਂ ਦਾ ਪੁਲਸ ਪ੍ਰਸ਼ਾਸ਼ਨ ਆਪਣੇ ਕੰਮ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਾ ਹੈ ਪਰ ਇਸ ਦੇ ਬਾਵਜੂਦ ਇਟਲੀ ਵਿਚ ਅਕਸਰ ਭਾਰਤੀ ਪੰਜਾਬੀਆਂ ਦੇ ਘਰਾਂ ਵਿਚ ਚੋਰੀਆਂ ਦੀਆਂ ਵਾਰਦਾਤਾਂ ਹੋਣ ਦੀਆਂ ਖਬਰਾਂ ਆਮ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ।ਜਿਵੇਂ ਕਿ ਇਕ ਪੰਜਾਬੀ ਲੋਕ ਕਹਾਵਤ ਹੈ ਕਿ “ਚੋਰ ਚੋਰੀ ਤੋਂ ਜਾਏ ਪਰ ਹੇਰਾ-ਫੇਰੀ ਤੋਂ ਨਾ ਜਾਏ''। ਇਸ ਕਹਾਵਤ ਅਨੁਸਾਰ ਇਟਲੀ ਦੇ ਚੋਰ ਲੋਕਾਂ ਨੂੰ ਲੁੱਟਣ ਲਈ ਨਵੇਂ ਤੋਂ ਨਵਾਂ ਢੰਗ ਲੱਭ ਹੀ ਲੈਂਦੇ ਹਨ ਕਿਉਂਕਿ ਇਹ ਲੁਟੇਰੇ ਜਾਣਕਾਰ ਹਨ ਕਿ ਖਾਸ ਕਰਕੇ ਪੰਜਾਬੀ ਲੋਕਾਂ ਦੇ ਘਰਾਂ ਵਿਚ ਸੋਨਾ ਤੇ ਯੂਰੋ ਆਦਿ ਆਮ ਹੁੰਦੇ ਹਨ। ਸੋ ਇਸ ਲਈ ਹੀ ਇਹ ਲੁਟੇਰੇ ਜ਼ਿਆਦਾਤਰ ਪੰਜਾਬੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ।

ਅਜਿਹੇ ਚੋਰਾਂ ਤੋਂ ਬਚਣ ਲਈ ਸੋਸ਼ਲ ਮੀਡੀਆ ਜ਼ਰੀਏ ਇਟਾਲੀਅਨ ਪੁਲਸ ਵਲੋਂ ਖਾਸ ਕਰਕੇ ਪੰਜਾਬੀ ਲੋਕਾਂ ਨੂੰ ਕਾਫੀ ਸੁਚੇਤ ਕੀਤਾ ਜਾ ਰਿਹਾ ਹੈ।ਅੱਜ ਕਲ੍ਹ ਇਹ ਚੋਰ ਪੰਜਾਬੀਆਂ ਨੂੰ ਬਹੁਤ ਹੀ ਹੈਰਾਨੀਜਨਕ ਢੰਗ ਨਾਲ ਲੁੱਟਣ ਲਈ ਸਰਗਰਮ ਹਨ।ਮਿਲੇ ਵੇਰਵੇ ਅਨੁਸਾਰ ਇਹ ਚੋਰ ਗਿਰੋਹ ਇਟਲੀ ਦੇ ਸਹਿਰ ਵਿਰੋਨਾ ਤੇ ਵਿਚੈਂਸਾ ਵਿਚ ਪੈਟਰੋਲ ਪੰਪਾਂ ਅਤੇ ਵੱਡੀਆਂ ਮਾਰਕੀਟਾਂ ਦੇ ਬਾਹਰ ਸਰਗਣੇ ਦੀਆਂ ਔਰਤਾਂ ਅਤੇ ਪੁਰਸ਼ਾਂ ਨੂੰ ਖੜ੍ਹਾ ਕਰਕੇ ਖਾਸ ਕਰਕੇ ਪੰਜਾਬੀਆਂ ਨੂੰ  ਖ੍ਰੀਦੋ ਫਰੋਖਤ ਕਰਨ ਸਮੇਂ ਚਾਬੀ ਪਾਉਣ ਵਾਲੇ ਛੱਲੇ ਤੇ ਬੱਚਿਆਂ ਦੇ ਨਿੱਕੇ-ਨਿੱਕੇ ਖਿਡੋਣੇ ਮੁੱਫਤ ਦਿੰਦੇ ਹਨ। ਇਨ੍ਹਾਂ ਲੁਟੇਰਾ ਗਿਰੋਹਾਂ ਨੇ ਛੋਟੇ ਅਕਾਰ ਦਾ ਸੈਂਸਰ ਲਾਇਆ ਹੁੰਦਾ ਹੈ ਜਿਸ ਦੇ ਜ਼ਰੀਏ ਇਹ ਲੁਟੇਰੇ ਅਰਾਮ ਨਾਲ ਸੈਂਸਰ ਰਾਹੀਂ ਲੋਕਾਂ ਦੇ ਘਰ ਤੱਕ ਪਿੱਛਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਘਰ ਤੋਂ ਬਾਹਰ ਆਉਣ ਜਾਣ ਵਾਲੀਆਂ ਪੈੜਾਂ ਦੀ ਪਹਿਚਾਣ ਕਰਕੇ ਸਹਿਜ ਤਰੀਕੇ ਨਾਲ ਘਰ ਵਿਚ ਲੁੱਟ ਖੋਹ ਕਰ ਲੈਂਦੇ ਹਨ। ਇਸ ਤਰਾਂ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਜਿਹਨਾਂ ਵਿਚ ਲੁੱਟ ਹੋਣ ਵਾਲੇ ਵਧੇਰੇ ਪੰਜਾਬੀ ਲੋਕ ਹੀ ਹਨ।

ਲੁਟੇਰੇ ਛੱਲੇ ਵਿਚ ਲੱਗੇ ਸੈਂਸਰ ਨਾਲ ਲੋਕਾਂ ਦੇ ਘਰ ਤੋਂ ਬਾਹਰ ਜਾਣ-ਆਉਣ ਦਾ ਹਿਸਾਬ ਕਰਕੇ ਅਜਿਹੀ ਲੁੱਟ ਕਰਦੇ ਹਨ ਕਿ ਲੁੱਟ ਖੋਹ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਹੱਕਾ-ਬੱਕਾ ਹੀ ਰਹਿ ਜਾਂਦਾ ਹੈ।ਇਸ ਸਬੰਧੀ ਇਟਾਲੀਅਨ ਪੁਲਸ ਵਿਭਾਗ ਵਲੋਂ ਪੰਜਾਬੀ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਚੋਰਾਂ ਦਾ ਇਹ ਗਰੁੱਪ ਰੋਮਾਨੀਆ ਦੇ ਲੋਕਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।


Kainth

Reporter

Related News