ਕਪੂਰਥਲਾ 'ਚ ਅੰਤਰਰਾਜੀ ਗੈਂਗ ਦਾ ਪਰਦਾਫ਼ਾਸ਼, ਨਾਜਾਇਜ਼ ਅਸਲੇ ਤੇ ਹੈਰੋਇਨ ਸਣੇ 4 ਮੈਂਬਰ ਗ੍ਰਿਫ਼ਤਾਰ
Saturday, Apr 06, 2024 - 12:41 PM (IST)
ਕਪੂਰਥਲਾ (ਮਹਾਜਨ, ਭੂਸ਼ਣ)-ਕਪੂਰਥਲਾ ਜ਼ਿਲ੍ਹਾ ਪੁਲਸ ਨੇ ਹੈਰੋਇਨ ਦੀ ਵਿਕਰੀ, ਗੈਰ-ਕਾਨੂੰਨੀ ਹਥਿਆਰਾਂ ਅਤੇ ਖੋਹਾਂ ਵਿਚ ਸ਼ਾਮਲ ਅੰਤਰਰਾਜੀ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ ਅੰਤਰਰਾਜੀ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਅਤੇ 32 ਬੋਰ ਦੀਆਂ 7 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅੰਤਰਰਾਜੀ ਅਪਰਾਧੀ ਨੀਰਜ ਕੁਮਾਰ ਉਰਫ਼ ਧੀਰਜ ਕੁਮਾਰ ਉਰਫ਼ ਧੀਰਜ ਯਾਦਵ ਵਾਸੀ ਕੁਰਕੀ ਥਾਣਾ ਮੀਨਾਪੁਰ, ਜ਼ਿਲ੍ਹਾ ਮੁਜਫ਼ਰਨਗਰ (ਬਿਹਾਰ), ਅਕਾਸ਼ਦੀਪ ਉਰਫ਼ ਕਾਸ਼ੂ ਅਤੇ ਤੇਜਪਾਲ ਉਰਫ਼ ਲਾਲੀ ਵਾਸੀ ਪਿੰਡ ਪਾਹੜਾ, ਜਲੰਧਰ ਅਤੇ ਰਾਹੁਲ ਉਰਫ਼ ਗੱਦੀ ਵਾਸੀ ਕਰਤਾਰਪੁਰ, ਜਲੰਧਰ ਵਜੋਂ ਹੋਈ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਮੁਲਜ਼ਮ ਨੀਰਜ ਕੁਮਾਰ ਕੋਲੋਂ 300 ਗ੍ਰਾਮ ਹੈਰੋਇਨ ਅਤੇ ਮੈਗਜ਼ੀਨ ਸਮੇਤ 4 ਪਿਸਤੌਲਾਂ ਬਰਾਮਦ ਕੀਤੀਆਂ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿਚ ਧਾਰਾ 21 (ਸੀ) ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’
ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਨੀਰਜ ਨੇ ਦੱਸਿਆ ਕਿ ਉਹ ਨਵੰਬਰ 2023 ਵਿਚ ਜ਼ਮਾਨਤ ’ਤੇ ਆਇਆ ਸੀ ਅਤੇ ਲੁਧਿਆਣਾ ਦੀ ਫੌਜੀ ਕਾਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿਣ ਲੱਗ ਪਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਬਿਹਾਰ ਤੋਂ ਆਪਣੇ ਪੁਰਾਣੇ ਸਾਥੀ ਰਾਹੀਂ ਪੰਜਾਬ ’ਚ ਨਾਜਾਇਜ਼ ਹਥਿਆਰ ਵੇਚਦਾ ਸੀ। ਇਹ 25,000 ਤੋਂ 30,000 ਰੁਪਏ ਵਿਚ ਹਥਿਆਰ ਖ਼ਰੀਦ ਕੇ ਪੰਜਾਬ ’ਚ ਵੱਧ ਕੀਮਤ ’ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੈਰ-ਕਾਨੂੰਨੀ ਪਿਸਤੌਲ 40,000 ਤੋਂ 50,000 ਰੁਪਏ ਵਿਚਕਾਰ ਵੇਚਣ ਲਈ ਜੇਲ ਵਿਚਲੇ ਆਪਣੇ ਸਾਥੀ ਆਕਾਸ਼ਦੀਪ ਉਰਫ ਕਾਸ਼ੂ ਦੇ ਸੰਪਰਕ ਵਿਚ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਅਕਾਸ਼ਦੀਪ, ਤੇਜਪਾਲ ਅਤੇ ਰਾਹੁਲ ਬਾਰੇ ਸੂਚਨਾ ਮਿਲਣ ’ਤੇ ਐੱਸ. ਪੀ. (ਡੀ.) ਸਰਬਜੀਤ ਰਾਏ ਅਤੇ ਡੀ. ਐੱਸ. ਪੀ. (ਡੀ.) ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਸੀ. ਆਈ. ਏ. ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ’ਚ ਟੀਮ ਵੱਲੋਂ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਤੇ ਲੁੱਟ-ਖੋਹ ਅਤੇ ਆਰਮਜ਼ ਐਕਟ ਦੇ ਵੱਖ-ਵੱਖ ਪਹਿਲਾਂ ਹੀ ਦਰਜ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਨੇ ਭੈੜੇ ਅਨਸਰਾਂ ਅਤੇ ਜੁਰਮਾਂ ਦੀ ਰੋਕਥਾਮ ਲਈ ਪਹਿਲਾਂ ਹੀ ਵਿਆਪਕ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਪਿਛਲੇ ਇਕ ਮਹੀਨੇ ਵਿਚ 38 ਹਥਿਆਰ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਪੀ. (ਡੀ.) ਸਰਬਜੀਤ ਰਾਏ, ਡੀ. ਐੱਸ. ਪੀ. (ਡੀ.) ਗੁਰਮੀਤ ਸਿੰਘ, ਡੀ. ਐੱਸ. ਪੀ. ਸਰਵਨ ਸਿੰਘ ਬੱਲ ਅਤੇ ਸੀ. ਆਈ. ਏ. ਕਪੂਰਥਲਾ ਦੇ ਇੰਚਾਰਜ ਇੰਸ. ਜਰਨੈਲ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8