ਭਾਰਤ ''ਚ ਹੀ ਨਹੀ ਸਗੋਂ ਇਟਲੀ ਦੇ ਰਾਸ਼ਟਰੀ ਮੀਡੀਆ ''ਚ ਵੀ ਪਈ ਕਿਸਾਨਾਂ ਦੇ ਸੰਘਰਸ਼ ਦੀ ਗੂੰਜ
Sunday, Nov 29, 2020 - 11:13 AM (IST)
ਰੋਮ (ਕੈਂਥ): ਇਤਿਹਾਸ ਗਵਾਹ ਹੈ ਜਦੋਂ ਵੀ ਲੋਕ ਲਾਮਬੰਦ ਹੋਕੇ ਆਪਣੇ ਹੱਕਾਂ ਲਈ ਲੜੇ ਤਾਂ ਉਹਨਾਂ ਦੇ ਸੰਘਰਸ਼ ਦੀ ਗੂੰਜ ਪੂਰੀ ਦੁਨੀਆ ਵਿੱਚ ਪਈ ਹੈ। ਇਸ ਸਮੇਂ ਵੀ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਚੁਫੇਰੇ ਚਰਚਾ ਹੈ ਜਿੱਥੇ ਕਿ ਭਾਰਤ ਸਰਕਾਰ ਦੁਆਰਾ ਬਣਾਏ ਤਿੰਨ ਖੇਤੀਬਾੜੀ ਬਿੱਲਾਂ ਜਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਆਪਣੇ ਹੱਕ ਨਾ ਮਿਲਦੇ ਦੇਖ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਸੰਘਰਸ਼ ਕਰਨ ਲਈ ਦਿੱਲੀ ਵੱਲ ਨੂੰ ਕੂਚ ਕਰ ਲਿਆ ਗਿਆ ਹੈ, ਜਿਸ ਦਿਨ ਤੋਂ ਇਹ ਖੇਤੀਬਾੜੀ ਬਿੱਲ ਸੰਸਦ ਵਿੱਚ ਪਾਸ ਹੋਏ ਹਨ ਉਸ ਦਿਨ ਤੋਂ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ।
ਉੱਧਰ ਖੇਤੀਬਾੜੀ ਬਿੱਲਾਂ ਦੇ ਇਸ ਵਿਰੋਧ ਦੇ ਲਈ ਵਿਦੇਸ਼ਾਂ ਵਿੱਚ ਰਹਿੰਦਾ ਭਾਰਤੀ ਭਾਈਚਾਰਾ ਵੀ ਕਿਸਾਨਾਂ ਦੇ ਨਾਲ ਖੜ੍ਹਾ ਨਜ਼ਰ ਆਇਆ ਹੈ। ਇਟਲੀ ਦੇ ਵਿੱਚ ਵੀ ਰਹਿੰਦਾ ਜਿਆਦਾਤਰ ਭਾਰਤੀ ਭਾਈਚਾਰਾ ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਕਰ ਕੇ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਨਾਲ ਖੜ੍ਹਿਆ ਨਜ਼ਰ ਆ ਰਿਹਾ ਹੈ। ਇਟਲੀ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਅਤੇ ਪਾਰਟੀਆਂ ਦੇ ਆਗੂ ਵੀ ਕਿਸਾਨਾਂ ਦੇ ਹੱਕਾਂ ਲਈ ਵੱਖੋ ਵੱਖਰੇ ਢੰਗ ਨਾਲ ਬਿਆਨ ਦਿੰਦੇ ਰਹੇ ਹਨ ਅਤੇ ਬੀਤੇ ਮਹੀਨੇ ਇਟਲੀ ਦੇ ਸ਼ਹਿਰ ਮਾਨਤੋਵਾ ਵਿਚ ਇਸ ਬਿੱਲ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿਚ ਇਕ ਧਰਨਾ ਵੀ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਵੱਡੀ ਰਾਹਤ, ਲਗਾਤਾਰ 30ਵੇਂ ਦਿਨ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ
ਹੁਣ ਜਿੱਥੇ ਕਿਸਾਨਾਂ ਨੇ ਇਹ ਸੰਘਰਸ਼ ਕਰਨ ਲਈ ਦਿੱਲੀ ਨੂੰ ਕੂਚ ਕਰ ਲਿਆ ਹੈ, ਉੱਥੇ ਦਿਨ ਭਰ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੁਆਰਾ ਸੋਸ਼ਲ ਮੀਡੀਆ ਰਾਹੀਂ ਪੂਰੇ ਜ਼ੋਰਾਂ ਤੇ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ ਦੀ ਗੱਲ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇਟਲੀ ਦੀਆਂ ਰਾਸ਼ਟਰੀ ਅਖ਼ਬਾਰਾਂ ਦੁਆਰਾ ਵੀ ਇਸ ਕਿਸਾਨ ਸੰਘਰਸ਼ ਦੀ ਗੱਲ ਆਪਣੇ ਅਖ਼ਬਾਰ ਵਿੱਚ ਕੀਤੀ ਗਈ ਹੈ, ਜਿਸ ਵਿੱਚ ਭਾਰਤ ਦੇਸ਼ ਦੇ ਅੰਨਦਾਤੇ ਦੁਆਰਾ ਕਿਸ ਤਰ੍ਹਾਂ ਇਹ ਸੰਘਰਸ਼ ਚਲਾਇਆ ਜਾ ਰਿਹਾ ਹੈ ਦਾ ਜ਼ਿਕਰ ਕੀਤਾ ਗਿਆ ਹੈ।