ਇਟਲੀ ਦਾ ਮੇਅਰ ਹੋਇਆ ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ, ਕੀਤਾ ਗਿਆ ਘਰ ''ਚ ਨਜ਼ਰਬੰਦ

10/03/2018 6:00:47 PM

ਰੋਮ/ਇਟਲੀ (ਕੈਂਥ)— ਇਟਲੀ ਦੀ ਨਵੀਂ ਬਣੀ ਕੌਂਤੇ ਸਰਕਾਰ ਜਿੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਪ੍ਰਤੀ ਸਖ਼ਤ ਰਵੱਈਆ ਅਖ਼ਤਿਆਰ ਕਰ ਰਹੀ ਹੈ, ਉੱਥੇ ਹੀ ਜਿਹੜੇ ਲੋਕ ਇਟਲੀ ਵਿਚ ਦਾਖਲ ਹੋਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਦੋਸਤਾਨਾ ਸੰਬੰਧ ਰੱਖਣ ਲਈ ਦੋਸ਼ੀ ਪਾਏ ਜਾ ਰਹੇ ਹਨ ਉਹਨਾਂ ਨੂੰ ਨਜ਼ਰਬੰਦ ਕਰ ਰਹੀ ਹੈ ।ਅਜਿਹਾ ਹੀ ਕੁਝ ਬੀਤੇ ਦਿਨ ਇਟਲੀ ਦੇ ਇਕ ਮੇਅਰ ਨਾਲ ਵਾਪਰਿਆ।ਅਸਲ ਵਿਚ ਦੱਖਣੀ ਇਟਲੀ ਦੇ ਸ਼ਹਿਰ ਰਿਆਚੋ ਦਾ ਮੇਅਰ ਦੋਮੇਨੀਕੋ ਲੂਕਾਨੋ ਅੱਜ ਸਿਰਫ਼ ਇਸ ਲਈ ਆਪਣੇ ਘਰ ਵਿਚ ਨਜ਼ਰਬੰਦ ਹੈ ਕਿਉਂਕਿ ਉਹ ਵਕਤ ਦੇ ਝੰਬੇ ਪ੍ਰਵਾਸੀਆਂ ਦੇ ਦੁੱਖ ਸੁਣਦੇ ਤੇ ਉਹਨਾਂ ਨਾਲ ਹਮਦਰਦੀ ਰੱਖਦੇ ਸਨ, ਜਿਹੜਾ ਕਿ ਇਟਾਲੀਅਨ ਕਾਨੂੰਨ ਅਨੁਸਾਰ ਮੇਅਰ ਦੋਮੇਨੀਕੋ ਲੂਕਾਨੋ ਦਾ ਗੁਨਾਹ ਬਣ ਗਿਆ।

ਪ੍ਰਵਾਸੀਆਂ ਦੀ ਹਮਦਰਦੀ ਲਈ ਦੁਨੀਆ ਵਿਚ ਮਸ਼ਹੂਰ ਮੇਅਰ ਦੋਮੇਨੀਕੋ ਲੂਕਾਨੋ ਉੱਪਰ ਦੋਸ਼ ਹੈ ਕਿ ਉਹ ਬਿਨਾਂ ਜ਼ਰੂਰੀ ਸਰਕਾਰੀ ਪ੍ਰਕਿਰਿਆ ਪੂਰੀ ਕਰਨ ਦੇ ਪ੍ਰਵਾਸੀਆਂ ਨਾਲ ਮੇਲ-ਮਿਲਾਪ ਰੱਖਦੇ ਹਨ। ਜਦੋਂ ਕਿ ਇਟਲੀ ਦੀ ਨਵੀਂ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਪ੍ਰਤੀ ਸਖ਼ਤ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ।ਮੇਅਰ ਦੋਮੇਨੀਕੋ ਲੂਕਾਨੋ ਆਪਣੇ ਅਸਧਾਰਣ ਪ੍ਰੋਗਰਾਮਾਂ ਦੇ ਲਈ ਦੁਨੀਆ ਭਰ ਦੀਆਂ ਸੁਰਖੀਆਂ ਬਟੋਰ ਚੁੱਕੇ ਹਨ।ਬੀਤੇ ਸਮੇਂ ਵਿਚ ਉਹਨਾਂ ਇਟਲੀ ਦੇ ਸ਼ਹਿਰ ਰਿਜੋਕਲਾਬਰੀਆ ਵਿਖੇ ਸਮੁੰਦਰੀ ਰਸਤੇ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਵਿਸ਼ੇਸ਼ ਸਵਾਗਤ ਕੀਤਾ ਸੀ।ਉਹ ਸੰਨ 1998 ਤੋਂ ਪ੍ਰਵਾਸੀਆਂ ਦੇ ਹਮਦਰਦ ਵਜੋਂ ਇਟਲੀ ਵਿਚ ਵਿਚਰ ਰਹੇ ਹਨ ਤੇ ਹੁਣ ਤੱਕ ਲਗਭਗ 2000 ਪ੍ਰਵਾਸੀਆਂ ਦੀ ਸਹਾਇਤਾ ਕਰ ਚੁੱਕੇ ਹਨ ਜਿਹੜੇ ਕਿ ਇਟਲੀ ਦੇ ਸ਼ਹਿਰਾਂ ਵਿਚ ਰਹਿੰਦੇ ਹਨ।

ਮੇਅਰ ਦੋਮੇਨੀਕੋ ਲੂਕਾਨੋ ਦੀਆਂ ਇਹਨਾਂ ਸ਼ਲਾਘਾਯੋਗ ਕਾਰਵਾਈਆਂ ਦੀ ਬਦੌਲਤ ਹੀ ਸੰਨ 2016 ਵਿਚ ਚਰਚਿਤ ਮੈਗਜ਼ੀਨ ਫਾਰਚੂਨ ਵੱਲੋਂ ਲੂਕਾਨੋ ਨੂੰ ਦੁਨੀਆ ਦੇ ਸਭ ਤੋਂ ਮਹਾਨ 50 ਆਗੂਆਂ ਵਿਚ ਗਿਣਿਆ ਗਿਆ।ਮੇਅਰ ਦੋਮੇਨੀਕੋ ਲੂਕਾਨੋ ਦੇ ਦੋਸ਼ ਸਾਬਤ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਉਸ ਦੇ ਫੋਨ ਟੇਪ ਕੀਤੇ ਗਏ, ਜਿਸ ਵਿਚ ਉਹ ਇਕ ਔਰਤ ਨੂੰ ਇਮੀਗ੍ਰੇਸ਼ਨ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਟਲੀ ਵਿਚ ਕਿਸੇ ਨਾਗਰਿਕ ਨਾਲ ਵਿਆਹ ਕਰਵਾਉਣ ਦਾ ਸੁਝਾਅ ਦਿੰਦਾ ਹੈ।ਇਸ ਟੇਪ ਸੰਬੰਧੀ ਮੇਅਰ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਟੇਪ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ।ਇਕ ਹੋਰ ਕੇਸ ਵਿਚ ਇਕ ਨਾਈਜੀਰੀਆ ਦੇ ਪ੍ਰਵਾਸੀ (ਜਿਸ ਨੂੰ 3 ਵਾਰ ਇਟਲੀ ਛੱਡਣ ਦੇ ਹੁਕਮ ਹੋਏ ਸਨ) ਨੂੰ ਮੇਅਰ ਦੋਮੇਨੀਕੋ ਲੂਕਾਨੋ ਕਿਸੇ ਇਟਾਲੀਅਨ ਨਾਲ ਵਿਆਹ ਕਰਨ ਦੀ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ ਉਸ ਨਾਈਜੀਰੀ ਲਈ ਇਹੀ ਇਕੋ-ਇਕ ਰਸਤਾ ਹੈ।

ਹੋਰ ਸਿਆਸੀ ਆਲੋਚਕਾਂ ਦਾ ਕਹਿਣਾ ਹੈ ਕਿ ਮੇਅਰ ਦਾ ਇਕੋ-ਇਕ ਅਪਰਾਧ ਇਹ ਹੈ ਕਿ ਉਸ ਵਿਚ ਮਨੁੱਖਤਾ ਹੈ। ਮੇਅਰ ਦੋਮੇਨੀਕੋ ਲੂਕਾਨੋ ਉੱਪਰ ਉਕਤ ਦੋਸ਼ ਤੋਂ ਇਲਾਵਾ ਕੋਈ ਵੀ ਅਪਰਾਧ ਨਹੀਂ ਮੰਨਿਆ ਗਿਆ।ਜ਼ਿਕਰਯੋਗ ਹੈ ਕਿ  ਮੇਅਰ ਦੋਮੇਨੀਕੋ ਲੂਕਾਨੋ ਨੇ ਪ੍ਰਵਾਸੀਆਂ ਅਤੇ ਹੋਰ ਲੋੜਵੰਦਾਂ ਦੀ ਸਹਾਇਤਾ ਲਈ ਦੋ ਸਹਿਕਾਰੀ ਸਭਾਵਾਂ ਵੀ ਸਥਾਪਿਤ ਕੀਤੀਆਂ ਸਨ ਜਿਹੜੀਆਂ ਕਿ ਪ੍ਰਵਾਸੀਆਂ ਨੂੰ ਕੰਮ ਮੁਹੱਈਆ ਕਰਵਾਉਂਦੀਆਂ ਸਨ।


Related News