UAE ਦੀ ਪਹਿਲੀ ਅਧਿਕਾਰਤ ਯਾਤਰਾ ਲਈ ਆਬੂਧਾਬੀ ਪਹੁੰਚੇ ਇਜ਼ਰਾਈਲ ਦੇ ਰਾਸ਼ਟਰਪਤੀ
Sunday, Jan 30, 2022 - 06:32 PM (IST)
ਦੁਬਈ (ਏਜੰਸੀ): ਇਜ਼ਰਾਈਲ ਦੇ ਰਾਸ਼ਟਰਪਤੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਦੇ ਹਿੱਸੇ ਵਜੋਂ ਐਤਵਾਰ ਨੂੰ ਆਬੂਧਾਬੀ ਪਹੁੰਚੇ। ਉਨ੍ਹਾਂ ਦੇ ਇਸ ਦੌਰੇ ਨੂੰ ਪੱਛਮੀ ਏਸ਼ੀਆ 'ਚ ਵੱਧਦੇ ਤਣਾਅ ਦੇ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਕਾਰ ਸਬੰਧ 2020 ਵਿੱਚ ਅਮਰੀਕਾ ਦੀ ਵਿਚੋਲਗੀ ਨਾਲ ਹੋਏ ਕੂਟਨੀਤਕ ਸਮਝੌਤੇ ਤੋਂ ਬਾਅਦ ਆਮ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬਰਫੀਲੇ ਤੂਫਾਨ ਤੋਂ ਬਾਅਦ ਕੈਨੇਡਾ ਦੀ ਸਿਆਸੀ ਹਲਚਲ 'ਚ ਸੁਰਖੀਆਂ 'ਚ ਆਏ 'ਸਿੱਖ' ਟਰੱਕ ਡਰਾਈਵਰ
ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਦੇ ਦਫਤਰ ਨੇ ਕਿਹਾ ਕਿ ਉਹ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਸਮੇਤ ਉੱਚ ਅਧਿਕਾਰੀਆਂ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ ਯੂਏਈ ਵਿੱਚ ਰਹਿ ਰਹੇ ਯਹੂਦੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਆਬੂਧਾਬੀ ਪਹੁੰਚਣ 'ਤੇ ਯੂਏਈ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹਯਾਨ ਨੇ ਹਰਜ਼ੋਗ ਦਾ ਨਿੱਘਾ ਸਵਾਗਤ ਕੀਤਾ। ਫਿਰ ਉਨ੍ਹਾਂ ਨੇ ਸ਼ਾਹੀ ਮਹਿਲ ਵਿੱਚ ਗੱਲਬਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- UN ਮੁਖੀ ਦੀ ਅਪੀਲ, ਤਾਲਿਬਾਨ ਹਰ ਕੁੜੀ ਅਤੇ ਔਰਤ ਦੇ ਬੁਨਿਆਦੀ ਅਧਿਕਾਰਾਂ ਦੀ ਕਰੇ ਰੱਖਿਆ
ਹਰਜ਼ੋਗ ਨੇ ਯੂਏਈ ਲਈ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਮਕਸਦ ਪੂਰੇ ਪੱਛਮੀ ਏਸ਼ੀਆ ਖੇਤਰ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਹੈ। ਪੱਛਮੀ ਏਸ਼ੀਆਈ ਦੇਸ਼ ਯਮਨ 'ਚ ਪਿਛਲੇ 7 ਸਾਲਾਂ ਤੋਂ ਚੱਲ ਰਹੀ ਘਰੇਲੂ ਜੰਗ ਦੀ ਅੱਗ ਪਿਛਲੇ ਮਹੀਨੇ ਪਹਿਲੀ ਵਾਰ ਯੂਏਈ ਤੱਕ ਪਹੁੰਚੀ, ਜਦੋਂ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਵਿਰੁੱਧ ਲੜ ਰਹੇ ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਆਬੂਧਾਬੀ 'ਚ ਹਵਾਈ ਹਮਲੇ ਦੀ ਜ਼ਿੰਮੇਵਾਰੀ ਲਈ। ਇਨ੍ਹਾਂ ਹਮਲਿਆਂ ਵਿਚ ਤਿੰਨ ਲੋਕ ਮਾਰੇ ਗਏ ਸਨ।