ਬਲਾਤਕਾਰ ਦੇ ਦੋਸ਼ੀ ਦੀ ਹੋਈ ਰਿਹਾਈ, ਮਹਿਲਾ ਸੰਸਦ ਮੈਂਬਰ ਨੇ ਕੁਝ ਇਸ ਤਰ੍ਹਾਂ ਕੀਤਾ ਵਿਰੋਧ

Thursday, Nov 15, 2018 - 05:45 PM (IST)

ਬਲਾਤਕਾਰ ਦੇ ਦੋਸ਼ੀ ਦੀ ਹੋਈ ਰਿਹਾਈ, ਮਹਿਲਾ ਸੰਸਦ ਮੈਂਬਰ ਨੇ ਕੁਝ ਇਸ ਤਰ੍ਹਾਂ ਕੀਤਾ ਵਿਰੋਧ

ਡਬਲਿਨ (ਬਿਊਰੋ)— ਆਇਰਲੈਂਡ ਵਿਚ ਬਲਾਤਕਾਰ ਦੇ ਇਕ ਦੋਸ਼ੀ ਨੂੰ ਰਿਹਾਅ ਕਰਨ ਦੇ ਵਿਰੋਧ ਵਿਚ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਅਸਲ ਵਿਚ ਅਦਾਲਤ ਵਿਚ ਦੋਸ਼ੀ ਦੇ ਵਕੀਲ ਨੇ ਪੀੜਤਾ ਦੇ ਅੰਡਰਵੀਅਰ ਨੂੰ ਖਾਸ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਸੀ ਅਤੇ ਇਸ ਨੂੰ ਸਹਿਮਤੀ ਨਾਲ ਸਬੰਧ ਬਣਾਉਣ ਦਾ ਮਾਮਲਾ ਦੱਸਿਆ ਸੀ। ਇਸ ਦੇ ਵਿਰੋਧ ਵਿਚ ਔਰਤਾਂ ਆਪਣੀ ਅੰਡਰਵੀਅਰ ਦੀਆਂ ਤਸਵੀਰਾਂ ਨੂੰ #ThisIsNotConsent (ਇਹ ਸਹਿਮਤੀ ਨਹੀਂ ਹੈ) ਹੈਸ਼ਟੈਗ ਨਾਲ ਟਵੀਟ ਕਰ ਰਹੀਆਂ ਹਨ। ਆਇਰਲੈਂਡ ਦੀ ਸੰਸਦ ਮੈਂਬਰ ਰੂਥ ਕੂਪਿੰਗਰ ਨੇ ਤਾਂ ਸਦਨ ਵਿਚ ਅੰਡਰਵੀਅਰ ਲਹਿਰਾ ਕੇ ਆਪਣਾ ਵਿਰੋਧ ਦਰਜ ਕਰਵਾਇਆ।

'ਪੀੜਤਾ ਨੂੰ ਦੋਸ਼ੀ ਠਹਿਰਾਉਣ' ਦੀ ਮਾਨਸਿਕਤਾ ਦਾ ਵਿਰੋਧ ਕਰਨ ਲਈ ਆਇਰਲੈਂਡ ਦੀ ਮਹਿਲਾ ਸੰਸਦ ਮੈਂਬਰ ਰੂਥ ਕੂਪਿੰਗਰ ਸਦਨ ਵਿਚ ਨੀਲੇ ਰੰਗ ਦਾ ਥੌਂਗ (ਲੈਸ ਵਾਲਾ ਅੰਡਰਵੀਅਰ) ਲੈ ਕੇ ਪਹੁੰਚੀ। ਉਨ੍ਹਾਂ ਨੇ ਟ੍ਰਾਇਲ ਦੌਰਾਨ ਅਦਾਲਤ ਵਿਚ ਪੀੜਤਾ ਦਾ ਅੰਡਰਵੀਅਰ ਦਿਖਾਏ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ,''ਇੱਥੇ ਥੌਂਗ ਦਿਖਾਉਣਾ ਸ਼ਰਮਿੰਦਾ ਕਰਨ ਵਾਲਾ ਹੋ ਸਕਦਾ ਹੈ। ਪਰ ਸੋਚਣਾ ਹੋਵੇਗਾ ਕਿ ਜਦੋਂ ਇਕ ਮਹਿਲਾ ਦੇ ਅੰਡਰਵੀਅਰ ਨੂੰ ਅਦਾਲਤ ਵਿਚ ਦਿਖਾਇਆ ਗਿਆ ਤਾਂ ਉਸ ਨੂੰ ਕਿਹੋ ਜਿਹਾ ਲੱਗਾ ਹੋਵੇਗਾ।''

 

ਇਹ ਹੈ ਪੂਰਾ ਮਾਮਲਾ
17 ਸਾਲਾ ਇਕ ਲੜਕੀ ਦੇ ਬਲਾਤਕਾਰ ਦੇ ਮਾਮਲੇ ਵਿਚ ਕੋਰਕ ਦੀ ਇਕ ਅਦਾਲਤ ਨੇ 6 ਨਵੰਬਰ ਨੂੰ 27 ਸਾਲ ਦੋਸ਼ੀ ਨੂੰ ਰਿਹਾਅ ਕਰ ਦਿੱਤਾ। ਟ੍ਰਾਇਲ ਦੌਰਾਨ ਆਪਣੀ ਫਾਈਨਲ ਦਲੀਲ ਪੇਸ਼ ਕਰਦਿਆਂ ਦੋਸ਼ੀ ਦੇ ਵਕੀਲ ਐਲੀਜ਼ਾਬੇਥ ਓ ਕੋਨਲ ਨੇ ਅਦਾਲਤ ਵਿਚ ਥੌਂਗ ਨੂੰ ਪੇਸ਼ ਕਰਦਿਆਂ ਕਿਹਾ ਸੀ,''ਕੀ ਇਹ ਸਬੂਤ ਕਾਫੀ ਨਹੀਂ ਹੈ ਕਿ ਪੀੜਤਾ ਦੋਸ਼ੀ ਪ੍ਰਤੀ ਆਕਰਸ਼ਿਤ ਸੀ ਅਤੇ ਉਹ ਕਿਸੇ ਨਾਲ ਸਬੰਧ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ। ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੀ ਡਰੈੱਸ ਪਹਿਨੇ ਹੋਈ ਸੀ। ਉਹ ਇਕ ਲੈਸ ਫਰੰਟ ਵਾਲਾ ਥੌਂਗ ਪਹਿਨੇ ਹੋਈ ਸੀ।'' 

 

ਬਚਾਅ ਪੱਖ ਦੇ ਵਕੀਲ ਨੇ ਇਸ ਨੂੰ ਸਹਿਮਤੀ ਵਾਲਾ ਸੈਕਸ ਦੱਸਿਆ। ਬਾਅਦ ਵਿਚ ਅਦਾਲਤ ਨੇ ਦੋਸ਼ੀ ਨੂੰ ਰਿਹਾਅ ਕਰ ਦਿੱਤਾ। ਇਸ ਫੈਸਲੇ ਦੇ ਬਾਅਦ ਹੀ ਆਇਰਲੈਂਡ ਵਿਚ 'ਵਿਕਟਿਮ-ਬਲੇਮਿੰਗ' ਵਿਰੁੱਧ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਗੁੱਸਾ ਦਿਸ ਰਿਹਾ ਹੈ। ਜਗ੍ਹਾ-ਜਗ੍ਹਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ।


author

Vandana

Content Editor

Related News