ਖਤਮ ਹੋਈ ਮੋਸੁਲ ''ਚ ਆਈ.ਐੱਸ. ਦੀ ਸੱਤਾ, ਅਲ-ਨੂਰੀ ਮਸਜਿਦ ''ਤੇ ਇਰਾਕੀ ਫੌਜ ਦਾ ਕਬਜ਼ਾ
Saturday, Jul 01, 2017 - 05:07 AM (IST)
ਬਗਦਾਦ— ਮੋਸੁਲ 'ਚ ਖਤਰਨਾਕ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ (ਆਈ.ਐੱਸ.) ਦੇ ਕਾਲਪਨਿਕ ਸ਼ਾਸਨ ਦਾ ਦੌਰ ਹੁਣ ਖਤਮ ਹੋ ਗਿਆ ਹੈ। ਇਥੇ ਜਾਰੀ ਫੌਜੀ ਸੰਘਰਸ਼ 'ਚ ਇਰਾਕੀ ਫੌਜ ਨੂੰ ਇਕ ਅਹਿਮ ਸਫਲਤਾ ਮਿਲੀ ਹੈ। 2014 'ਚ ਮੋਸੁਲ ਦੀ ਜਿਸ ਅਲ-ਨੂਰੀ ਮਸਜਿਦ ਦੇ ਅੰਦਰ ਆਈ.ਐੱਸ. ਦੇ ਸਰਗਣੇ ਅਬੂ-ਬਕਰ ਅਲ ਬਗਦਾਦੀ ਨੇ ਖੁਦ ਨੂੰ ਖਲੀਫਾ ਐਲਾਨਿਆ ਸੀ, ਉਸ ਮਸਜਿਦ ਨੂੰ ਇਰਾਕੀ ਫੌਜ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਹਾਲਾਂਕਿ ਪਿਛਲੇ ਹਫਤੇ ਹੀ ਆਈ. ਐੱਸ. ਨੇ ਇਸ ਮਸਜਿਦ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਹੁਣ ਮਸਜਿਦ ਟੁੱਟੀ-ਫੁੱਟੀ ਹਾਲਤ 'ਚ ਹੈ ਪਰ ਇਸਦੇ ਬਾਵਜੂਦ ਇਸ ਮਸਜਿਦ ਨੂੰ ਆਪਣੇ ਕਬਜ਼ੇ 'ਚ ਲੈਣਾ ਇਰਾਕੀ ਫੌਜ ਲਈ ਵੱਡੀ ਸੰਕੇਤਕ ਜਿੱਤ ਹੈ।
ਇਰਾਕੀ ਫੌਜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਰਾਕ 'ਚ ਆਈ.ਐੱਸ. ਦਾ ਸ਼ਾਸਨ ਹੁਣ ਖਤਮ ਹੋ ਗਿਆ ਹੈ। ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਾ ਰਸੂਲ ਨੇ ਵੀਰਵਾਰ ਨੂੰ ਇਰਾਕ ਦੇ ਸਟੇਟ ਟੀ.ਵੀ. 'ਤੇ ਕਿਹਾ ਕਿ ਆਈ.ਐੱਸ. ਦੇ ਅੱਤਵਾਦੀਆਂ ਦੀ ਹੁਣ ਕਾਲਪਨਿਕ ਸੱਤਾ ਖਤਮ ਹੋ ਚੁੱਕੀ ਹੈ।
