ਰਿਪੋਰਟ ਦਾ ਦਾਅਵਾ: ਅਮਰੀਕਾ ਨੂੰ ਸਬਕ ਸਿਖਾਉਣ ਲਈ ਈਰਾਨ ਨੇ ਸਾਊਦੀ ''ਤੇ ਕੀਤੇ ਸੀ ਹਮਲੇ
Tuesday, Nov 26, 2019 - 04:36 PM (IST)

ਵਾਸ਼ਿੰਗਟਨ- ਸਊਦੀ ਅਰਬ ਵਿਚ ਅਰਾਮਕੋ ਦੇ ਤੇਲ ਪਲਾਂਟਾਂ ਉੱਤੇ ਡਰੋਨ ਹਮਲੇ ਨੂੰ ਲੈ ਕੇ ਇਕ ਰਿਪੋਰਟ ਵਿਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੂੰ ਸਬਕ ਸਿਖਾਉਣ ਲਈ ਈਰਾਨ ਨੇ ਇਨ੍ਹਾਂ ਹਮਲਿਆਂ ਦੀ ਸਾਜਿਸ਼ ਰਚੀ ਸੀ।
ਦੱਸ ਦਈਏ ਕਿ ਸਤੰਬਰ ਵਿਚ ਸਊਦੀ ਅਰਬ ਦੇ 2 ਤੇਲ ਪਲਾਂਟਾਂ ਉੱਤੇ ਡਰੋਨ ਤੇ ਮਿਜ਼ਾਇਲਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਦੇ ਚਲਦੇ ਕਰੀਬ ਇਕ ਹਫਤੇ ਤੱਕ ਉੱਥੇ ਤੇਲ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਦਾਰੀ ਯਮਨ ਦੇ ਹੌਤੀ ਵਿਧਰੋਹੀਆਂ ਨੇ ਲਈ ਸੀ। ਜਦੋਂ ਕਿ ਸਊਦੀ ਅਰਬ ਨੇ ਇਸ ਦੇ ਪਿੱਛੇ ਈਰਾਨ ਦਾ ਹੱਥ ਹੋਣ ਦੀ ਗੱਲ ਕਹੀ ਸੀ।
ਹੁਣ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਦੀ ਸਾਜ਼ਿਸ਼ ਈਰਾਨ ਵਿਚ ਹੀ ਤਿਆਰ ਹੋਈ ਸੀ। ਅਰਾਮਕੋ ਉੱਤੇ ਹਮਲੇ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਈਰਾਨ ਦੇ ਫੌਜੀ ਅਧਿਕਾਰੀਆਂ ਨੇ ਇਸ ਸਾਜ਼ਿਸ਼ ਨੂੰ ਰਚਣ ਲਈ ਇਕ ਉੱਚ-ਪੱਧਰੀ ਬੈਠਕ ਵੀ ਬੁਲਾਈ ਸੀ। ਮੀਡਿਆ ਰਿਪੋਰਟਸ ਮੁਤਾਬਕ ਬੈਠਕ ਵਿਚ ਸ਼ਾਮਲ ਚਾਰ ਲੋਕਾਂ ਦੇ ਹਵਾਲੇ ਨਾਲ ਇਹ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈਰਾਨੀ ਅਧਿਕਾਰੀ ਪ੍ਰਮਾਣੂ ਸਮਝੌਤੇ ਤੋਂ ਬਾਹਰ ਨਿਕਲਣ ਤੇ ਤਹਿਰਾਨ ਉੱਤੇ ਰੋਕ ਲਾਗੂ ਕਰਨ ਲਈ ਅਮਰੀਕਾ ਨੂੰ ਸਬਕ ਸਿਖਾਣਾ ਚਾਹੁੰਦੇ ਸਨ। ਬੈਠਕ ਵਿਚ ਇਸ ਮੁੱਦੇ ਉੱਤੇ ਚਰਚਾ ਹੋਈ ਸੀ।
ਬੈਠਕ ਵਿਚ ਮੌਜੂਦ ਰਹੇ ਇਕ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਈਰਾਨੀ ਰੇਵੋਲਿਊਸ਼ਨਰੀ ਗਾਰਡ ਦੇ ਇਕ ਵੱਡੇ ਕਮਾਂਡਰ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਹ ਸਮਾਂ ਹੈ ਜਦੋਂ ਅਸੀਂ ਆਪਣੀਆਂ ਤਲਵਾਰਾਂ ਕੱਢੀਏ ਤੇ ਅਮਰੀਕਾ ਨੂੰ ਸਬਕ ਸਿਖਾਈਏ। ਕਈ ਅਧਿਕਾਰੀਆਂ ਨੇ ਵੀ ਅਮਰੀਕੀ ਠਿਕਾਣੀਆਂ ਨੂੰ ਬਰਬਾਦ ਕਰਣ ਦੀ ਗੱਲ ਕਹੀ ਸੀ।
ਹਾਲਾਂਕਿ ਅੰਤ ਵਿੱਚ ਇਸ ਗੱਲ ਉੱਤੇ ਸਹਿਮਤੀ ਬਣੀ ਦੀ ਸਿੱਧੇ ਅਮਰੀਕਾ ਨਾਲ ਉਲਝਣ ਦੀ ਬਜਾਏ ਉਸ ਨੂੰ ਉਸ ਦੇ ਕਿਸੇ ਸਾਥੀ ਦੇ ਜ਼ਰਿਏ ਸਬਕ ਸਿਖਾਉਣਾ ਚਾਹੀਦਾ ਹੈ। ਤੱਦ ਸਾਰਿਆਂ ਨੇ ਸਊਦੀ ਅਰਬ ਦੇ ਤੇਲ ਪਲਾਂਟਾਂ ਉੱਤੇ ਹਮਲਾ ਕਰਨ ਨੂੰ ਲੈ ਕੇ ਸਹਿਮਤੀ ਜਤਾਈ ਸੀ ।
ਈਰਾਨ ਦੇ ਬੁਲਾਰੇ ਨੇ ਕੀਤਾ ਇਨਕਾਰ
ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਈਰਾਨੀ ਅਧਿਕਾਰੀਆਂ ਵੱਲੋਂ 14 ਸਤੰਬਰ ਦੇ ਹਮਲੀਆਂ ਨੂੰ ਲੈ ਕੇ ਕੋਈ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾਹ ਅਲੀ ਖਮੇਨੇਈ ਨੇ ਸਊਦੀ ਖਿਲਾਫ ਆਪ੍ਰੇਸ਼ਨ ਉੱਤੇ ਮੁਹਰ ਲਗਾਈ ਸੀ। ਹਾਲਾਂਕਿ ਉਨ੍ਹਾਂ ਨੇ ਕਿਸੇ ਆਮ ਨਾਗਰਿਕ ਤੇ ਅਮਰੀਕੀ ਨੂੰ ਨਿਸ਼ਾਨਾ ਬਣਾਉਣ ਤੋਂ ਬਚਨ ਦੀ ਸਲਾਹ ਦਿੱਤੀ ਸੀ।
ਉੱਧਰ ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਬੁਲਾਰੇ ਅਲਿਰੇਜਾ ਮੀਰਿਊਸਫੀ ਨੇ ਇਸ ਖੁਲਾਸੇ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਊਦੀ ਉੱਤੇ ਹੋਏ ਹਮਲੇ ਵਿਚ ਈਰਾਨ ਦਾ ਕੋਈ ਹੱਥ ਨਹੀਂ ਹੈ ਤੇ ਨਾ ਹੀ ਅਜਿਹੇ ਕਿਸੇ ਆਪ੍ਰੇਸ਼ਨ ਲਈ ਫੌਜੀ ਅਧਿਕਾਰੀਆਂ ਦੀ ਕੋਈ ਬੈਠਕ ਹੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਲੀਡਰ ਖਮੇਨੇਈ ਵਲੋਂ ਆਪ੍ਰੇਸ਼ਨ ਦੀ ਆਗਿਆ ਦਾ ਕੋਈ ਸਵਾਲ ਹੀ ਨਹੀਂ ਉੱਠਦਾ।