ਈਰਾਨ ਨੇ ਵਿਰੋਧ ਪ੍ਰਦਰਸ਼ਨਾਂ ''ਚ ਗ੍ਰਿਫ਼ਤਾਰ ਕੀਤੇ ਗਏ ਪਹਿਲੇ ਕੈਦੀ ਨੂੰ ਦਿੱਤੀ ਫਾਂਸੀ
Thursday, Dec 08, 2022 - 04:20 PM (IST)
ਦੁਬਈ (ਭਾਸ਼ਾ) : ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਤੌਰ 'ਤੇ ਕੀਤੇ ਗਏ ਅਪਰਾਧ ਦੇ ਦੋਸ਼ੀ ਕੈਦੀ ਨੂੰ ਫਾਂਸੀ ਦੇ ਦਿੱਤੀ ਹੈ। ਈਰਾਨ ਵੱਲੋਂ ਇਸ ਤਰ੍ਹਾਂ ਦੀ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ। ਇਹ ਫਾਂਸੀ ਅਜਿਹੇ ਸਮੇਂ 'ਚ ਦਿੱਤੀ ਗਈ ਹੈ, ਜਦੋਂ ਹੋਰ ਕੈਦੀਆਂ ਨੂੰ ਵੀ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਕਾਰਨ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਈਰਾਨ ਦੀ ਨੈਤਿਕਤਾ ਪੁਲਸ ਦੇ ਵਿਰੁੱਧ ਗੁੱਸੇ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਪ੍ਰਦਰਸ਼ਨ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਦੇਸ਼ ਦੇ "ਧਰਮਤੰਤਰ" ਲਈ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋਂ ਇੱਕ ਬਣ ਗਿਆ ਹੈ। ਕਾਰਕੁਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਹੀ ਹੋਰ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਕਿਉਂਕਿ ਉਨ੍ਹਾਂ ਮੁਤਾਬਕ ਹੁਣ ਤੱਕ ਘੱਟੋ-ਘੱਟ ਇੱਕ ਦਰਜਨ ਲੋਕਾਂ ਨੂੰ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਮੌਤ ਦੀ ਸਜ਼ਾ ਮਿਲੀ ਹੈ।
ਈਰਾਨ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਫਾਂਸੀ ਦਿੱਤੇ ਜਾਣ ਦੀ ਖ਼ਬਰ ਦਿੱਤੀ ਹੈ। ਉਸ ਨੇ ਦੋਸ਼ੀ ਪਾਏ ਗਏ ਵਿਅਕਤੀ 'ਤੇ ਤਹਿਰਾਨ ਵਿਚ ਇਕ ਸੜਕ ਨੂੰ ਰੋਕਣ ਅਤੇ ਸੁਰੱਖਿਆ ਫੋਰਸ ਦੇ ਇਕ ਮੈਂਬਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਦੇਸ਼ ਦੀ ਨਿਆਂਪਾਲਿਕਾ ਵੱਲੋਂ ਚਲਾਈ ਜਾਂਦੀ ਮਿਜ਼ਾਨ ਨਿਊਜ਼ ਏਜੰਸੀ ਨੇ ਮਾਰੇ ਗਏ ਵਿਅਕਤੀ ਦੀ ਪਛਾਣ ਮੋਹਸਿਨ ਸ਼ੇਖਰੀ ਵਜੋਂ ਕੀਤੀ ਹੈ।