ਈਰਾਨ ''ਚ ਕਈ ਵਾਰ ਲੱਗੇ ਭੂਚਾਲ ਦੇ ਝਟਕੇ, 18 ਜ਼ਖਮੀ

Wednesday, Dec 13, 2017 - 02:15 PM (IST)

ਈਰਾਨ ''ਚ ਕਈ ਵਾਰ ਲੱਗੇ ਭੂਚਾਲ ਦੇ ਝਟਕੇ, 18 ਜ਼ਖਮੀ

ਬੇਰੂਤ(ਭਾਸ਼ਾ)— ਈਰਾਨ ਦੇ ਦੱਖਣੀ ਪੂਰਬੀ ਸੂਬੇ ਕਰਮਾਨ ਵਿਚ ਕੱਲ ਅਤੇ ਅੱਜ ਭੂਚਾਲ ਦੇ ਕਈ ਵਾਰ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਚ 18 ਲੋਕ ਜ਼ਖਮੀ ਹੋ ਗਏ ਅਤੇ ਕਰੀਬ 20 ਘਰ ਨੁਕਸਾਨੇ ਗਏ ਹਨ। 8 ਲੱਖ 20 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਕਰਮਾਨ ਤੋਂ 56 ਕਿਲੋਮੀਟਰ ਦੂਰ ਇਲਾਕੇ ਵਿਚ ਕੱਲ ਭਾਵ ਮੰਗਲਵਾਰ ਨੂੰ ਪਹਿਲੀ ਵਾਰ 5.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਂਲਾਕਿ ਸ਼ੁਰੂ ਵਿਚ ਭੂਚਾਲ ਦੀ ਤੀਬਰਤਾ 6.2 ਹੋਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਹਲਕੇ ਪੱਧਰ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਅੱਜ ਤੜਕੇ ਵੀ ਉਸੀ ਇਲਾਕੇ ਵਿਚ 6.0 ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ (ਯੂ. ਐਸ. ਜੀ. ਐਸ.) ਮੁਤਾਬਕ 1 ਵਜੇ ਤੋਂ ਬਾਅਦ ਆਏ ਸਭ ਤੋਂ ਤਾਜ਼ੇ ਭੂਚਾਲ ਦਾ ਕੇਂਦਰ ਕਰਮਾਨ ਤੋਂ 64 ਕਿਲੋਮੀਟਰ ਉਤਰ ਵਿਚ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਤਾਜ਼ੇ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਦੇ ਬਾਰੇ ਵਿਚ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਦੇ ਸੋਣ ਦਾ ਸਮਾਂ ਹੋਣ ਅਤੇ ਹਨੇਰਾ ਹੋਣ ਕਾਰਨ ਵੀ ਭੂਚਾਲ ਨਾਲ ਨੁਕਸਾਨ ਦਾ ਪਤਾ ਨਹੀਂ ਲੱਗ ਰਿਹਾ ਹੈ।
ਸਰਕਾਰੀ ਮੀਡੀਆ ਨੇ ਇਸ ਤੋਂ ਪਹਿਲਾਂ ਖਬਰ ਦਿੱਤੀ ਸੀ ਕਿ ਕੱਲ ਸਵੇਰੇ ਆਏ ਭੂਚਾਲ ਵਿਚ ਕਿਸੇ ਦੀ ਮੌਤ ਨਹੀਂ ਹੋਈ ਪਰ 18 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਮੀਡੀਆ ਵੱਲੋਂ ਪੋਸਟ ਕੀਤੇ ਗਈਆਂ ਤਸਵੀਰਾਂ ਵਿਚ ਭੂਚਾਲ ਪ੍ਰਭਾਵਿਤ ਇਲਾਕੇ ਵਿਚ ਇਮਾਰਤਾਂ ਦੇ ਡਿੱਗਣ ਦੇ ਡਰ ਨਾਲ ਸੜਕਾਂ ਉੱਤੇ ਖੜ੍ਹੇ ਲੋਕਾਂ ਦੇ ਸਮੂਹ ਦਿਖਾਈ ਦੇ ਰਹੇ ਹਨ। ਮੀਡੀਆ ਮੁਤਾਬਕ 20 ਨੁਕਸਾਨੇ ਗਈਆਂ ਇਮਾਰਤਾਂ ਵਿਚੋਂ ਸਾਰੀਆਂ ਪੁਰਾਣੀਆਂ ਸਨ। ਤਸਵੀਰਾਂ ਵਿਚ ਨੁਕਸਾਨੀਆਂ ਗਈ ਕੰਧਾਂ ਵੀ ਦਿਖਾਈ ਦੇ ਰਹੀਆਂ ਹਨ। ਪਿਛਲੇ ਸੋਮਵਾਰ ਨੂੰ ਵੀ ਪੱਛਮੀ ਈਰਾਨ ਦੇ ਉਸੀ ਇਲਾਕੇ ਵਿਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਸਰਕਾਰੀ ਮੀਡੀਆ ਨੇ ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 6 ਆਂਕੇ ਜਾਣ ਦਾ ਦਾਅਵਾ ਕੀਤਾ। ਜਦੋਂ ਕਿ ਯੂ. ਐਸ. ਜੀ. ਐਸ. ਨੇ ਉਸ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 5.4 ਹੋਣ ਦੀ ਗੱਲ ਕਹੀ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਧਿਆਨਦੇਣ ਯੋਗ ਹੈ ਕਿ ਪਿਛਲੇ ਮਹੀਨੇ ਈਰਾਨ ਦੇ ਇਸ ਇਲਾਕੇ ਵਿਚ 7.3 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਵਿਚ ਘੱਟ ਤੋਂ ਘੱਟ 530 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਜ਼ਖਮੀ ਹੋਏ ਸਨ।   ਰਾਸ਼ਟਰਪਤੀ ਹਸਨ ਰੁਹਾਨੀ ਦੇ ਕੱਟੜ ਵਿਰੋਧੀਆਂ ਨੇ ਪਿਛਲੇ ਮਹੀਨੇ ਆਏ ਭੂਚਾਲ ਦੌਰਾਨ ਸਰਕਾਰੀ ਰਵੱਈਏ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ਬਹੁਤ ਹੋਲੀ ਅਤੇ ਨਾ-ਕਾਫੀ ਦੱਸਿਆ।


Related News