ਪੰਜਾਬ ''ਚ ਵੱਡਾ ਹਾਦਸਾ, 9 ਮਹੀਨੇ ਦੇ ਜਵਾਕ ਦੀ ਮੌਤ, ਦੋ ਸਾਲਾ ਬੱਚੀ ਸਮੇਤ ਪੰਜ ਜ਼ਖਮੀ
Tuesday, Dec 02, 2025 - 03:07 PM (IST)
ਸ੍ਰੀ ਕੀਰਤਪੁਰ ਸਾਹਿਬ(ਬਾਲੀ)-ਬੀਤੇ ਦਿਨ ਬਾਅਦ ਦੁਪਹਿਰ ਕਰੀਬ 2.45 ’ਤੇ ਸ੍ਰੀ ਕੀਰਤਪੁਰ ਸਾਹਿਬ ਬਿਲਾਸਪੁਰ ਕੌਮੀ ਮਾਰਗ ਤੇ ਪਿੰਡ ਮੱਸੇਵਾਲ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਟੈਕਸੀ ਕਾਰ ’ਚ ਸਵਾਰ ਇਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਣ ਅਤੇ 2 ਸਾਲ ਦੀ ਬੱਚੀ ਸਮੇਤ 2 ਔਰਤਾਂ ਅਤੇ 2 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ’ਚੋਂ ਇਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਪਰ ਟੈਕਸੀ ਡਰਾਈਵਰ ਦੇ ਖਿਲਾਫ ਟੈਕਸੀ ਨੂੰ ਅਣਗਹਿਲੀ, ਲਾਪ੍ਰਵਾਹੀ ਅਤੇ ਤੇਜ਼ ਰਫਤਾਰੀ ਨਾਲ ਚਲਾਉਣ ਦੇ ਦੋਸ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ’ਤੇ ਪਿੰਡ ਮੱਸੇਵਾਲ ਨਜ਼ਦੀਕ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਪਿੱਛੋਂ ਦੀ ਇਕ ਟੈਕਸੀ ਕਾਰ ਟਕਰਾ ਗਈ ਸੀ, ਜਿਸ ਨਾਲ ਟੈਕਸੀ ’ਚ ਸਵਾਰ 2 ਔਰਤਾਂ, 2 ਵਿਅਕਤੀ ਅਤੇ 2 ਛੋਟੇ ਬੱਚੇ ਗੰਭੀਰ ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਮੌਕੇ ’ਤੇ ਇਕੱਠੇ ਲੋਕਾਂ ਵੱਲੋਂ ਨਿਜੀ ਵਾਹਨਾਂ ਰਾਹੀਂ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਿਊਟੀ ਉੱਪਰ ਹਾਜ਼ਰ ਡਾਕਟਰ ਵੱਲੋਂ ਇਕ 9 ਮਹੀਨੇ ਦੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਜਦੋਂਕਿ ਬਾਕੀ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡ 'ਚ ਲਗਾਤਾਰ ਚੱਲ ਰਹੀ...
ਇਸ ਮੌਕੇ ਜ਼ਖਮੀ ਕਾਰਤਿਕ ਕ੍ਰਿਸ਼ਨਾ ਪੁਜਾਰੀ (29) ਪੁੱਤਰ ਕ੍ਰਿਸ਼ਨ ਪੁਜਾਰੀ ਵਸਨੀਕ ਮਕਾਨ ਨੰਬਰ 315/5 ਅਕਸ਼ਯ ਨਗਰ ਬੈਂਗਲੁਰੂ, ਕਰਨਾਟਕ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਹ ਪ੍ਰਾਈਵੇਟ ਬਿਜ਼ਨੈੱਸ ਕਰਦਾ ਹੈ। ਉਹ ਆਪਣੀ ਪਤਨੀ ਸੰਜਨਾ (29) ਬੇਟੇ ਸਨਿਥਿਕ ਕਾਰਤਿਕ ਪੁਜਾਰੀ (9 ਮਹੀਨੇ) ਅਤੇ ਆਪਣੇ ਦੋਸਤ ਅਭਿਸ਼ੇਕ ਪੁੱਤਰ ਚੰਨਾ ਬਸਲਈਆ ਉਸ ਦੀ ਪਤਨੀ ਦਿਬਿਆ ਅਤੇ ਉਨ੍ਹਾਂ ਦੇ ਬੇਟੀ ਦੀਆ ਉਮਰ 2 ਸਾਲ ਨਾਲ ਬੰਗਲੋਰ ਤੋਂ ਮਨਾਲੀ ਘੁੰਮਣ ਲਈ ਵਾਇਆ ਏਅਰ ਮਿਤੀ 29 ਨਵੰਬਰ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚੇ ਸੀ। ਚੰਡੀਗੜ੍ਹ ਹੋਟਲ ਵਿਖੇ ਰੁਕਣ ਤੋਂ ਬਾਅਦ ਅਸੀਂ ਮਿਤੀ 30 ਨਵੰਬਰ ਨੂੰ ਸਵੇਰੇ 11.30 ਵਜੇ ਟੈਕਸੀ ’ਚ ਸਵਾਰ ਹੋ ਕੇ ਮਨਾਲੀ ਲਈ ਚੱਲੇ ਸੀ, ਜਿਸ ਦਾ ਡਰਾਈਵਰ ਹਿਤੇਸ਼ ਸ਼ਰਮਾ ਪੁੱਤਰ ਕੇਵਲ ਰਾਮ ਸ਼ਰਮਾ ਵਾਸੀ ਪਿੰਡ ਬਾਗ ਥਾਣਾ ਸੰਨੀ ਜ਼ਿਲਾ ਸ਼ਿਮਲਾ ਹਿਮਾਚਲ ਪ੍ਰਦੇਸ਼, ਸਾਨੂੰ ਸੁਖਨਾ ਲੇਕ, ਰਾਕ ਗਾਰਡਨ ਘੁਮਾਉਣ ਤੋਂ ਬਾਅਦ ਮਨਾਲੀ ਲਈ ਲੈ ਕੇ ਚੱਲ ਪਿਆ ਸੀ। ਉਕਤ ਡਰਾਈਵਰ ਹਿਤੇਸ਼ ਸ਼ਰਮਾ ਰਸਤੇ ’ਚ ਵੀ ਗੱਡੀ ਨੂੰ ਅਣਗਹਿਲੀ ਨਾਲ ਚਲਾਉਂਦਾ ਰਿਹਾ ਜਿਸ ਨੂੰ ਮੈਂ ਗੱਡੀ ਆਰਾਮ ਨਾਲ ਚਲਾਉਣ ਦੀ ਹਦਾਇਤ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਮੇਰਾ ਦੋਸਤ ਅਭਿਸ਼ੇਕ ਡਰਾਈਵਰ ਸੀਟ ਦੇ ਨਾਲ ਵਾਲੀ ਕੰਡਕਟਰ ਸੀਟ ’ਤੇ ਬੈਠਾ ਸੀ ਉਸ ਦੀ ਬੈਕ ਸਾਈਡ ਸੀਟ ਤੇ ਮੇਰੀ ਪਤਨੀ ਸੰਜਨਾ ਬੈਠੀ ਸੀ ਜਿਸ ਨੇ ਮੇਰਾ ਬੇਟਾ ਸਨੀਥਿਕ ਨੂੰ ਆਪਣੀ ਗੋਦ ’ਚ ਬਿਠਾਇਆ ਸੀ। ਮੈਂ ਡਰਾਈਵਰ ਦੇ ਪਿੱਛੇ ਵਾਲੀ ਸੀਟ ਤੇ ਬੈਠਾ ਸੀ ਤੇ ਮੇਰੇ ਦੋਸਤ ਦੀ ਘਰਵਾਲੀ ਦਿਬਿਆ ਆਪਣੀ ਲੜਕੀ ਦੀਆ ਨੂੰ ਗੋਦ ’ਚ ਲੈ ਕੇ ਆਖਰੀ ਸੀਟ ਤੇ ਕੰਡਕਟਰ ਸਾਈਡ ਤੇ ਬੈਠੀ ਸੀ ਜਦੋਂ ਅਸੀਂ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਰੋਡ ਬਾਹਦ ਪਿੰਡ ਮੱਸੇਵਾਲ ਪੁੱਜੇ ਤਾਂ ਸਾਡਾ ਟੈਕਸੀ ਡਰਾਈਵਰ ਨੇ ਬੜੀ ਲਾਪ੍ਰਵਾਹੀ ਤੇ ਅਣਗਹਿਲੀ ਨਾਲ ਗੱਡੀ ਨੂੰ ਚਲਾਉਂਦੇ ਹੋਏ ਤੇਜ਼ ਰਫਤਾਰੀ ਨਾਲ ਜਾ ਕੇ ਸੜਕ ਦੇ ਕਿਨਾਰੇ ਕੱਚੇ ’ਤੇ ਖੜ੍ਹੇ ਟਰੱਕ ਦੇ ਪਿੱਛੇ ਮਾਰੀ, ਜਿਸ ਨਾਲ ਮੇਰੇ ਦੋਸਤ ਅਭਿਸ਼ੇਕ ਦੀ ਖੱਬੀ ਬਾਂਹ ਤੇ ਸਰੀਰ ਉੱਪਰ ,ਉਸ ਦੀ ਘਰਵਾਲੀ ਦੇ ਪੈਰ ਤੇ ਅਤੇ ਮੇਰੀ ਖੱਬੀ ਬਾਂਹ ਤੇ ਅਤੇ ਮੇਰੀ ਘਰਵਾਲੀ ਸੰਜਨਾ ਦੇ ਸਿਰ ’ਤੇ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸਾਨੂੰ ਟੈਕਸੀ ’ਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਿਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲੈ ਗਏ, ਮੇਰੇ ਬੇਟੇ ਸਨਿਥਿਕ ਨੂੰ ਚੈੱਕ ਕਰਨ ਉਪਰੰਤ ਮ੍ਰਿਤਕ ਕਰਾਰ ਦੇ ਦਿੱਤਾ। ਜਿਸ ਦੀ ਲਾਸ਼ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਮੋਰਚਰੀ ’ਚ ਪਈ ਹੈ, ਜਿਸ ਤੋਂ ਬਾਅਦ ਅਸੀਂ ਐਬੂਲੈਂਸ ਰਾਹੀਂ ਪੀ. ਜੀ. ਆਈ. ਚੰਡੀਗੜ੍ਹ ਲਈ ਪਹੁੰਚੇ ਜਿੱਥੇ ਅਭਿਸ਼ੇਕ ਤੇ ਉਸ ਦੀ ਘਰਵਾਲੀ ਇਲਾਜ ਲਈ ਦਾਖਲ ਹੋ ਗਏ ਜਿੱਥੇ ਵੈਂਟੀਲੇਟਰ ਨਾ ਮਿਲਣ ਕਰ ਕੇ ਮੈਂ ਆਪਣੇ ਘਰਵਾਲੀ ਨੂੰ ਇਲਾਜ ਲਈ ਹਸਪਤਾਲ ਮੋਹਾਲੀ ਲੈ ਗਿਆ ਜਿੱਥੇ ਮੇਰੀ ਘਰਵਾਲੀ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਟੈਕਸੀ ਡਰਾਈਵਰ ਹਿਤੇਸ਼ ਸ਼ਰਮਾ ਦੀ ਅਣਗਹਿਲੀ ਤੇ ਲਾਪ੍ਰਵਾਹੀ ਅਤੇ ਗੱਡੀ ਨੂੰ ਤੇਜ਼ ਰਫਤਾਰੀ ਨਾਲ ਚਲਾਉਣ ਕਰ ਕੇ ਵਾਪਰਿਆ ਹੈ, ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
