''ਇਟਲੀ ''ਚ ਭਾਰਤੀ ਲੋਕ ਮਿਹਨਤੀ, ਈਮਾਨਦਾਰ ਤੇ ਚੰਗੇ ਨਾਗਰਿਕਾਂ ਵਜੋ ਜਾਣੇ ਜਾਂਦੇ ਨੇ''
Thursday, Dec 10, 2020 - 01:53 PM (IST)
ਰੋਮ, (ਕੈਂਥ)- ਇਟਲੀ ਵਿਚ ਬਾਹਰੋਂ ਆ ਕੇ ਕਾਮਯਾਬ ਹੋਣਾ ਔਖਾ ਹੀ ਨਹੀਂ ਸਗੋਂ ਬਹੁਤ ਹੀ ਸੰਘਰਸ਼ੀਲ ਵੀ ਹੈ ਪਰ ਜਿਨ੍ਹਾਂ ਲੋਕਾਂ ਦੇ ਇਰਾਦੇ ਬੁਲੰਦ ਅਤੇ ਹੌਸਲੇ ਫ਼ੌਲਾਦੀ ਹੋਣ ਉਹ ਹਰ ਅਸੰਭਵ ਨੂੰ ਸੰਭਵ ਬਣਾ ਹੀ ਦਿੰਦੇ ਹਨ। ਅਜਿਹੇ ਲੋਕਾਂ ਵਿਚ ਇਟਲੀ ਦੇ ਭਾਰਤੀਆਂ ਦਾ ਜ਼ਿਕਰ ਵੀ ਉਚੇਚਾ ਆਉਂਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਾਸੀਓ ਸੂਬੇ ਦੇ ਸ਼ਹਿਰ ਤੇਰਚੀਨਾ (ਲਾਤੀਨਾ) ਵਿਖੇ ਇੰਡੀਅਨ ਕਰਿਆਨਾ ਸਟੋਰ ਐੱਸ. ਐੱਸ. ਅਲੀਮਨਤਾਰੀ ਦੀ ਉਦਘਾਟਨੀ ਰਸਮ ਕਰਨ ਉਪੰਰਤ ਮੋਰੀਸੀਓ ਚੇਲੀਨੀ ਇਲਾਕੇ ਦੇ ਨਾਮੀ ਕਾਰੋਬਾਰੀ ਨੇ ਪ੍ਰੈੱਸ ਨਾਲ ਕੀਤਾ।
ਮੋਰੀਸੀਓ ਨੇ ਕਿਹਾ ਕਿ ਭਾਰਤੀ ਲੋਕ ਬਹੁਤ ਹੀ ਮਿਹਨਤੀ ਹਨ ਜਿਹੜੇ ਕਿ ਇਟਲੀ ਵਿਚ ਈਮਾਨਦਾਰ ਤੇ ਚੰਗੇ ਨਾਗਰਿਕਾਂ ਵਜੋ ਜਾਣੇ ਜਾਂਦੇ ਹਨ । ਇਨ੍ਹਾਂ ਲੋਕਾਂ ਦਾ ਇਟਲੀ ਦੀ ਤਰੱਕੀ ਵਿਚ ਉਚੇਚਾ ਯੋਗਦਾਨ ਹੈ। ਉਨ੍ਹਾਂ ਤਮਾਮ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਦੀ ਤਰੱਕੀ ਨੂੰ ਕੋਈ ਨਹੀ ਰੋਕ ਸਕਦਾ ਜਿਹੜੇ ਕਿ ਇਟਲੀ ਵਿੱਚ ਹਰ ਕੰਮ ਨੂੰ ਚੰਗੇ ਨਾਗਰਿਕ ਹੁੰਦੇ ਹੋਏ ਸਰਕਾਰ ਦੇ ਨਿਯਮਾਂ ਮੁਤਾਬਕ ਕਰਦੇ ਹਨ ਤੇ ਆਪਣੇ ਸਭ ਕੰਮ ਦੀ ਤਰਤੀਬ ਰੱਖਦੇ ਹਨ।
ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਅਸੀਂ ਬਹੁਤੇ ਦੇ ਚੱਕਰ ਵਿਚ ਸਰਕਾਰ ਨੂੰ ਟੈਕਸ ਦੇਣ ਲਈ ਈਮਾਨਦਾਰ ਨਹੀਂ ਹੁੰਦੇ। ਮਾਰੀਸੀਓ ਨੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਜੇਕਰ ਆਪਾਂ ਇੱਕ ਕਾਮਯਾਬ ਕਾਰੋਬਾਰੀ ਬਣਨਾ ਹੈ ਤਾਂ ਸਾਡਾ ਸਾਰਾ ਕੰਮ ਪਾਰਦਰਸ਼ੀ ਹੋਣਾ ਲਾਜ਼ਮੀ ਹੈ। ਇਸ ਮੌਕੇ ਐੱਸ.ਐੱਸ. ਅਲੀਮਨਤਾਰੀ ਦੇ ਕਰਤਾ ਧਰਤਾ ਰੁਪਿੰਦਰ ਸਿੰਘ ਸੋਨੀ ਤੇ ਜਸਪ੍ਰੀਤ ਸਿੰਘ ਸੇਖੋ ਨੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰਨ ਆਏ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਭ ਨੂੰ ਸੇਵਾ ਦਾ ਮੌਕਾ ਦੇਣ ਅਪੀਲ ਕੀਤੀ। ਇਸ ਸਮਾਰੋਹ ਮੌਕੇ ਪਰਜੋਰਜੀਓ ਮਕੈਨਿਕ,ਰੋਬੇਰਤੋ,ਮਰੀਓ ਇਲਾਕੇ ਦੇ ਨਾਮੀ ਕਾਰੋਬਾਰੀ, ਕਿਰਨ ਸੇਖੋ ਤੇ ਹੋਰ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਲੋਕ ਵੀ ਹਾਜ਼ਰ ਸਨ।