ਸਿੰਗਾਪੁਰ ''ਚ ਬੈਂਕ ਨਾਲ ਧੋਖਾਧੜੀ ਦੇ ਦੋਸ਼ ''ਚ ਭਾਰਤੀ ਔਰਤ ਨੂੰ 6 ਮਹੀਨੇ ਦੀ ਜੇਲ੍ਹ

Monday, Aug 29, 2022 - 04:32 PM (IST)

ਸਿੰਗਾਪੁਰ ''ਚ ਬੈਂਕ ਨਾਲ ਧੋਖਾਧੜੀ ਦੇ ਦੋਸ਼ ''ਚ ਭਾਰਤੀ ਔਰਤ ਨੂੰ 6 ਮਹੀਨੇ ਦੀ ਜੇਲ੍ਹ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਨੂੰ ਕਰਜ਼ਾ ਲੈਣ ਲਈ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਬੈਂਕ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਸੋਮਵਾਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਡਿਪਟੀ ਸਰਕਾਰੀ ਵਕੀਲ ਧੀਰਜ ਸੀ. ਚੈਨਾਨੀ ਨੇ ਦੱਸਿਆ ਕਿ ਸਤੰਬਰ 2018 ਵਿੱਚ ਕਿਰਨ ਕੌਰ (29) ਕੋਲ ਨੌਕਰੀ ਨਹੀਂ ਸੀ ਅਤੇ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਸੀ। ਇਸ ਦੌਰਾਨ ਉਸ ਦੀ ਨਜ਼ਰ ਇਕ ਇਸ਼ਤਿਹਾਰ 'ਤੇ ਪਈ।

'ਦਿ ਸਟਰੇਟ ਟਾਈਮਜ਼' ਦੀ ਖ਼ਬਰ ਮੁਤਾਬਕ ਇਸ਼ਤਿਹਾਰ ਰਾਹੀਂ ਉਸ ਨੇ ਵਟਸਐਪ 'ਤੇ 'ਚਾਰਲਸ' ਨਾਂ ਦੇ ਵਿਅਕਤੀ ਨਾਲ ਸੰਪਰਕ ਕੀਤਾ। ਅਦਾਲਤ ਦੇ ਦਸਤਾਵੇਜ਼ਾਂ ਵਿੱਚ "ਚਾਰਲਸ" ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। "ਚਾਰਲਸ" ਨੇ ਕੌਰ ਨੂੰ ਕਿਹਾ ਕਿ ਉਹ ਉਸਦੀ ਮਦਦ ਕਰ ਸਕਦਾ ਹੈ। ਡਿਪਟੀ ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ੀ ਔਰਤ ਨੇ "ਚਾਰਲਸ" ਨੂੰ ਦੱਸਿਆ ਕਿ ਉਹ ਫਿਲਹਾਲ ਕੰਮ ਨਹੀਂ ਕਰ ਰਹੀ ਹੈ ਅਤੇ ਬੈਂਕ ਤੋਂ ਕਰਜ਼ਾ ਲੈਣ ਲਈ ਉਸ ਕੋਲ ਕੋਈ ਕੇਂਦਰੀ ਪ੍ਰਾਵੀਡੈਂਟ ਫੰਡ ਯੋਗਦਾਨ ਨਹੀਂ ਸੀ। ਖ਼ਬਰ ਵਿੱਚ ਕਿਹਾ ਗਿਆ ਹੈ, "ਚਾਰਲਸ ਨੇ ਦੋਸ਼ੀ ਨੂੰ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਉਸ (ਦੋਸ਼ੀ) ਨੂੰ ਬੈਂਕ ਲੋਨ ਲਈ ਅਰਜ਼ੀ ਦੇਣ ਲਈ ਲੋੜੀਂਦੇ ਆਮਦਨ ਪੱਧਰ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੈ।" "ਚਾਰਲਸ" ਨੇ ਕੌਰ ਨੂੰ ਉਸ ਦੇ 'ਸਿੰਗਪਾਸ ਲਾਗਇਨ' ਦਾ ਵੇਰਵਾ ਦੇਣ ਲਈ ਕਿਹਾ। ਇਹ ਇੱਕ ਅਧਿਕਾਰਤ ਆਨਲਾਈਨ ਕੋਡ ਹੁੰਦਾ ਹੈ, ਜੋ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਦੇ ਡਾਟਾ ਤੱਕ ਪਹੁੰਚਣ ਲਈ ਵਰਤਿਆ ਜਾਂਦਾ ਹੈ।

ਖ਼ਬਰ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਉਹ ਕਰਜ਼ੇ ਦੀ ਅਰਜ਼ੀ ਲਈ ਦਸਤਾਵੇਜ਼ ਪ੍ਰਾਪਤ ਕਰਨ ਦੇ ਸਬੰਧ ਵਿਚ ਆਰਚਰਡ ਰੋਡ 'ਤੇ ਸਿਟੀ ਬੈਂਕ ਬ੍ਰਾਂਚ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਨੂੰ ਮਿਲੀ। ਕੌਰ ਨੇ ਉਹੀ ਕੀਤਾ ਜਿਵੇਂ ਉਸਨੂੰ ਕਿਹਾ ਗਿਆ ਸੀ ਅਤੇ ਉਸਨੂੰ ਅਜਿਹੇ ਦਸਤਾਵੇਜ਼ ਦਿੱਤੇ ਗਏ, ਜਿਸ ਵਿਚ ਉਹ ਝੂਠ ਬੋਲ ਬੋਲਿਆ ਗਿਆ ਸੀ ਕਿ ਉਹ ਦੂਜੇ ਬੈਂਕ ਵਿਚ ਕੰਮ ਕਰ ਰਹੀ ਹੈ ਅਤੇ ਉਸ ਦੀ ਤਨਖਾਹ ਪ੍ਰਤੀ ਮਹੀਨਾ 6,700 ਸਿੰਗਾਪੁਰੀ ਡਾਲਰ ਸੀ। ਖ਼ਬਰ ਮੁਤਾਬਕ 10 ਸਤੰਬਰ ਨੂੰ ਉਸ ਨੇ ਬੈਂਕ ਲੋਨ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ। ਕੌਰ ਨੂੰ ਕੁੱਲ ਮਿਲਾ ਕੇ 13,490 ਸਿੰਗਾਪੁਰੀ ਡਾਲਰ ਦੀ ਨਕਦੀ ਮਿਲੀ ਸੀ, ਪਰ ਉਸ ਨੇ ਦਾਅਵਾ ਕੀਤਾ ਕਿ ਉਸ ਨੇ 4,000 ਸਿੰਗਾਪੁਰ ਡਾਲਰ ਆਪਣੇ ਕੋਲ ਰੱਖੇ ਅਤੇ ਬਾਕੀ ਰਕਮ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਨੂੰ ਦੇ ਦਿੱਤੀ। 2 ਅਕਤੂਬਰ 2018 ਨੂੰ ਸਿਟੀ ਬੈਂਕ ਦੇ ਪ੍ਰਤੀਨਿਧੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ 'ਤੇ ਕੌਰ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।


author

cherry

Content Editor

Related News