ਭਾਰਤੀ ਵਿਦਿਆਰਥੀ ਦੇ ਕਾਤਲ ਦਾ ਅਮਰੀਕਾ 'ਚ ਰਿਹੈ ਲੰਬਾ ਅਪਰਾਧਕ ਰਿਕਾਰਡ

Thursday, Jul 19, 2018 - 06:00 PM (IST)

ਭਾਰਤੀ ਵਿਦਿਆਰਥੀ ਦੇ ਕਾਤਲ ਦਾ ਅਮਰੀਕਾ 'ਚ ਰਿਹੈ ਲੰਬਾ ਅਪਰਾਧਕ ਰਿਕਾਰਡ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਭਾਰਤੀ ਵਿਦਿਆਰਥੀ 25 ਸਾਲਾ ਸ਼ਰਤ ਕੋਪੂ ਦੀ ਹੱਤਿਆ ਕਰਨ ਵਾਲੇ ਸ਼ਖਸ ਦਾ ਅਪਰਾਧਕ ਰਿਕਾਰਡ ਲੰਬਾ-ਚੌੜਾ ਰਿਹਾ ਹੈ। ਮੀਡੀਆ ਵਿਚ ਆਈ ਖਬਰ ਮੁਤਾਬਕ ਜਦੋਂ ਉਸ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹ ਸਿਰਫ 15 ਸਾਲ ਦਾ ਸੀ। ਕੰਸਾਸ ਸ਼ਹਿਰ ਵਿਚ 25 ਸਾਲਾ ਮਿਰਲਨ ਜੇਮਸ ਮਾਰਕ ਨੂੰ ਕੰਸਾਸ ਸ਼ਹਿਰ ਦੀ ਪੁਲਸ ਨੇ ਐਤਵਾਰ ਨੂੰ ਗੋਲੀਬਾਰੀ 'ਚ ਮਾਰ ਦਿੱਤਾ ਸੀ। ਇਕ ਖਬਰ ਦੀ ਰਿਪੋਰਟ ਮੁਤਾਬਕ ਮੈਕ ਨੂੰ ਪਹਿਲੀ ਵਾਰ ਓਕਲਾਹੋਮਾ ਦੇ ਤੁਲਸਾ ਵਿਚ ਕਾਰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਉਹ 15 ਸਾਲ ਦਾ ਸੀ।
ਇਸ ਦੇ 2 ਸਾਲ ਬਾਅਦ ਉਸ ਨੂੰ ਸਕੂਲ 'ਚ ਬੰਦੂਕ ਲਿਆਉਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ 17 ਸਾਲ ਦਾ ਸੀ, ਉਦੋਂ ਉਸ ਨੇ ਇਕ ਔਰਤ ਨਾਲ ਲੁੱਟ-ਖੋਹ ਕੀਤੀ ਸੀ ਤਾਂ ਉਸ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਮੈਕ ਤੁਲਸਾ ਦੇ ਵਾਂਟੇਡ ਲੁਟੇਰਿਆਂ ਵਿਚੋਂ ਇਕ ਸੀ ਪਰ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਜੋ ਕਿ ਤੇਲੰਗਾਨਾ ਦਾ ਰਹਿਣ ਵਾਲਾ ਸੀ, ਦੀ ਹੱਤਿਆ ਤੋਂ ਪਹਿਲਾਂ ਤਕ ਕੰਸਾਸ ਸਿਟੀ ਪੁਲਸ ਉਸ ਬਾਰੇ ਨਹੀਂ ਜਾਣਦੀ ਸੀ।
ਦੱਸਣਯੋਗ ਹੈ ਕਿ ਸ਼ਰਤ ਕੋਪੂ ਕੰਸਾਸ ਦੇ ਇਕ ਰੈਸਟੋਰੈਂਟ 'ਚ 6 ਜੁਲਾਈ ਨੂੰ ਮਾਰਿਆ ਗਿਆ, ਉਹ ਇਸੇ ਰੈਸੋਟਰੈਂਟ ਵਿਚ ਕੰਮ ਕਰਦਾ ਸੀ। ਕੋਪੂ ਯੂਨੀਵਰਸਿਟੀ ਆਫ ਮਿਸੌਰੀ-ਕੰਸਾਸ ਦਾ ਵਿਦਿਆਰਥੀ ਸੀ।


Related News