ਸਿੰਗਾਪੁਰ ''ਚ ਭਾਰਤੀ ਮੂਲ ਦੇ ਨੌਜਵਾਨ ''ਤੇ ਬੈਂਕ ਨਾਲ ਧੋਖਾਧੜੀ ਕਰਨ ਦਾ ਦੋਸ਼
Friday, Mar 10, 2023 - 04:56 PM (IST)
ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਇੱਕ ਨੌਜਵਾਨ ਖ਼ਿਲਾਫ਼ ਧੋਖਾਧੜੀ ਕਰਨ ਅਤੇ ਬੈਂਕ ਦੇ ਕੰਪਿਊਟਰ ਸਿਸਟਮ ਵਿਚ ਅਣਅਧਿਕਾਰਤ ਢੰਗ ਨਾਲ ਸੰਨ੍ਹ ਲਗਾਉਣ ਲਈ ਅਣਪਛਾਤੇ ਵਿਅਕਤੀ ਨੂੰ ਉਕਸਾਉਣ ਦੇ ਦੋਸ਼ ਹੇਠ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਗਿਆ ਹੈ। ਮੀਡੀਆ 'ਚ ਪ੍ਰਕਾਸ਼ਿਤ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿ ਸਟਰੇਟਸ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਦੇ ਅਨੁਸਾਰ, ਮਥਾਨਾ ਰਾਜ ਸਿੰਘ ਯੂਓਬੀ ਬੈਂਕ ਨੂੰ ਧੋਖਾ ਦੇਣ ਦੀ ਸਾਜ਼ਿਸ਼ ਵਿੱਚ ਲੱਗਾ ਸੀ ਅਤੇ ਬੈਂਕ ਨੂੰ ਇਹ ਭਰੋਸਾ ਦਿਵਾ ਰਿਹਾ ਸੀ ਕਿ ਉਹੀ ਪਿਛਲੇ ਸਾਲ ਮਈ ਵਿੱਚ ਖੋਲ੍ਹੇ ਗਏ ਬੈਂਕ ਖਾਤੇ ਦਾ ਇੱਕਮਾਤਰ ਸੰਚਾਲਕ ਹੈ।
UOB ਦਾ ਸਬੰਧਤ ਖਾਤਾ ਕਥਿਤ ਰੂਪ ਨਾਲ ਘੋਟਾਲਾ ਸਿੰਡੀਕੇਟ ਵੱਲੋਂ 2,49,000 ਸਿੰਗਾਰੁਪ ਡਾਲਰ ਤੋਂ ਵੱਧ ਦੀ ਅਪਰਾਧਿਕ ਕਮਾਈ ਨੂੰ ਵੈਧ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਸੀ। ਅਦਾਲਤ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 19 ਸਾਲਾ ਸਿੰਘ ਨੇ ਬਿਨਾਂ ਅਧਿਕਾਰ ਦੇ UOB ਦੇ ਕੰਪਿਊਟਰ ਸਿਸਟਮ ਰਾਹੀਂ ਲੈਣ-ਦੇਣ ਦੇ ਉਦੇਸ਼ ਨਾਲ ਇੱਕ ਅਣਜਾਣ ਵਿਅਕਤੀ ਨੂੰ ਆਪਣਾ ਆਈ-ਬੈਂਕਿੰਗ ਲੌਗਇਨ-ਪਾਸਵਰਡ ਦੇ ਦਿੱਤਾ ਸੀ। ਸਿੰਘ ਨੇ ਸ਼ੁੱਕਰਵਾਰ ਨੂੰ ਕਾਨੂੰਨੀ ਸਹਾਇਤਾ ਲਈ ਅਰਜ਼ੀ ਦੇਣ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ। ਜੇਕਰ ਧੋਖਾਧੜੀ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਤਿੰਨ ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੇਕਰ ਉਹ ਦੂਜੇ ਦੋਸ਼ ਲਈ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਦੋ ਸਾਲ ਤੱਕ ਦੀ ਜੇਲ੍ਹ ਜਾਂ ਵੱਧ ਤੋਂ ਵੱਧ 5,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਉਸ ਨੂੰ 6 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।