ਮਿਆਦ ਲੰਘੀਆਂ ਮਠਿਆਈਆਂ ਵੇਚਣ ਦੇ ਦੋਸ਼ ''ਚ ਭਾਰਤੀ ਵਿਅਕਤੀ ਨੂੰ ਇਟਲੀ ''ਚ ਲੱਗਾ ਭਾਰੀ ਜ਼ੁਰਮਾਨਾ

Tuesday, Apr 25, 2017 - 05:23 PM (IST)

ਰੋਮ (ਕੈਂਥ)— ਇਟਲੀ ਦੀ ਪੁਲਸ ਨੇ ਮਿਆਦ ਲੰਘੀਆਂ ਮਿਠਾਈਆਂ ਵੇਚਣ ਦੇ ਦੋਸ਼ ''ਚ ਇੱਕ ਭਾਰਤੀ ਨੂੰ ਭਾਰੀ ਜ਼ੁਰਮਾਨਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਇਟਲੀ ਦੇ ਲੰਬਾਰਦੀਆ ਰਾਜ ਦੇ ਬਰੇਸ਼ੀਆ ਜ਼ਿਲੇ ''ਚ ਪੈਂਦੇ ਇਲਾਕੇ ਗੇਦੀ ਦੀ ਸਥਾਨਕ ਪੁਲਸ ਸ਼ਹਿਰ ਦੀਆਂ ਗਲੀਆਂ ''ਚ ਆਮ ਕੰਟਰੋਲ ਲਈ ਗਸ਼ਤ ਕਰ ਰਹੀ ਸੀ। ਜਾਂਚ ਦੌਰਾਨ ਪੁਲਸ ਇੱਕ ਭਾਰਤੀ ਦੇ ਟਰੱਕ ਨੂੰ ਰੋਕਿਆ, ਜਿਸ ''ਚ ਖਾਣ-ਪੀਣ ਦੇ ਸਮਾਨ ਰੱਖਣ ਦੀ ਕੋਈ ਸਹੀ ਤਰਤੀਬ ਨਹੀਂ ਸੀ। ਇਸ ਦੇ ਨਾਲ ਹੀ ਟਰੱਕ ''ਚ ਖਾਣ-ਪੀਣ ਦਾ ਸਮਾਨ ਰੱਖਣ ਲਈ ਸਹੀ ਤਾਪਮਾਨ ਨਹੀਂ ਵਰਤਿਆ ਗਿਆ ਸੀ। ਪੁਲਸ ਨੇ ਟਰੱਕ ''ਚੋਂ ਮਠਿਆਈ ਦੇ ਡੱਬੇ ਅਤੇ ਪਨੀਰ ਬਰਾਮਦ ਕੀਤਾ। ਬੰਦ ਡੱਬਿਆਂ ਅੰਦਰ ਪਈ ਮਠਿਆਈ ਦੀ ਮਿਆਦ ਲੰਘੀ ਹੋਈ ਸੀ। ਇਸ ਤੋਂ ਬਾਅਦ ਪੁਲਸ ਨੇ ਖਾਧ ਵਸਤੂਆਂ ਦੇ ਕੰਟਰੋਲਰ ਵਿਭਾਗ (ਏ. ਟੀ. ਐੱਸ.) ਨੂੰ ਇਸ ਬਾਰੇ ਸੂਚਿਤ ਕੀਤਾ। ''ਹਾਈਜੀਨ ਐਂਡ ਪ੍ਰੀਵੈਨਸ਼ਨ ਡਿਪਾਰਟਮੈਂਟ'' ਨੇ ਉੱਥੇ ਪਹੁੰਚ ਕੇ 507 ਮਠਿਆਈਆਂ ਦੇ ਡੱਬੇ ਅਤੇ 20 ਕਿਲੋ ਪਨੀਰ ਨੂੰ ਨਸ਼ਟ ਕੀਤਾ। ਡਿਪਾਰਟਮੈਂਟ ਨੇ ਟਰੱਕ ਚਾਲਕ, ਵਾਹਨ ਦੇ ਮਾਲਕ ਨੂੰ ਖਾਧ ਪਦਾਰਥਾਂ ਨੂੰ ਬੇਤਰਤੀਬ ਅਤੇ ਸਹੀ ਤਾਪਮਾਨ ''ਚ ਨਾ ਰੱਖੇ ਜਾਣ ਦੇ ਜ਼ੁਰਮ ਹੇਠ 6000 ਯੂਰੋ ਦਾ ਜ਼ੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਵਸਤੂਆਂ ਦੇ ਮਾਲਕ ਨੂੰ, ਜਿਹੜਾ ਕਿ ਲੰਘੀ ਹੋਈ ਮਿਤੀ ਅਤੇ ਨਾ ਖਾਣ ਯੋਗ ਵਸਤੂਆਂ ਦੀ ਸਪਲਾਈ ਕਰਦਾ ਹੈ, ਨੂੰ ਵੀ ਭਾਰੀ ਜ਼ੁਰਮਾਨਾ ਕੀਤਾ ਹੈ।

Related News