ਤੂਫਾਨ ''ਹਾਰਵੇ'' ਨੇ ਅਮਰੀਕੀਆਂ ਲਈ ਖੜ੍ਹੀ ਕੀਤੀ ਵੱਡੀ ਮੁਸ਼ਕਲ, ਭਾਰਤੀ-ਅਮਰੀਕੀ ਕਰ ਰਹੇ ਨੇ ਮਦਦ

Monday, Sep 11, 2017 - 06:04 PM (IST)

ਹਿਊਸਟਨ— ਅਮਰੀਕਾ ਵਿਚ ਬੀਤੇ ਦਿਨੀਂ ਆਏ ਤੂਫਾਨ 'ਹਾਰਵੇ' ਨੇ ਬਹੁਤ ਸਾਰੇ ਲੋਕਾਂ ਨੂੰ ਬੇਘਰ ਕਰ ਦਿੱਤਾ ਅਤੇ ਭਾਰੀ ਤਬਾਹੀ ਮਚਾਈ। ਤੂਫਾਨ ਹਾਰਵੇ ਕਾਰਨ ਪ੍ਰਭਾਵਿਤ ਹੋਏ ਟੈਕਸਾਸ ਵਾਸੀਆਂ ਨੂੰ ਭਾਰਤੀ ਮੂਲ ਦੇ ਅਮਰੀਕੀ ਲੋਕ ਵੀ ਰਾਹਤ ਸਮੱਗਰੀ ਮੁਹੱਈਆ ਕਰਵਾ ਰਹੇ ਹਨ। ਨਾਲ ਹੀ ਤੂਫਾਨ ਕਾਰਨ ਫੈਲੀ ਗੰਦਗੀ ਨੂੰ ਵੀ ਸਾਫ ਕਰਨ ਲਈ ਲਗਾਤਾਰ ਕੰਮ 'ਚ ਜੁਟੇ ਹਨ। ਟੈਕਸਾਸ ਵਿਚ ਤੂਫਾਨ ਹਾਰਵੇ ਨੂੰ ਆਏ ਦੋ ਹਫਤੇ ਬੀਤ ਚੁੱਕੇ ਹਨ ਪਰ ਅਜੇ ਵੀ ਫੁੱਟਪਾਥ, ਸੜਕਾਂ 'ਤੇ ਕੂੜੇ ਅਤੇ ਫਰਨੀਚਰਾਂ ਦੇ ਢੇਰ ਪਏ ਹਨ। 
ਹਾਰਵੇ ਨੇ ਜਿਸ ਤਰ੍ਹਾਂ ਦੀ ਤਬਾਹੀ ਮਚਾਈ ਹੈ, ਉਸ ਲਈ ਪ੍ਰਭਾਵਿਤ ਇਲਾਕਿਆਂ ਵਿਚ ਮੁੜ ਨਿਰਮਾਣ ਦਾ ਕੰਮ ਵੱਡੇ ਪੱਧਰ 'ਤੇ ਕਰਨ ਦੀ ਲੋੜ ਹੈ। ਇਸ ਕੰਮ 'ਚ ਰੈੱਡ ਕਰਾਸ, ਦੇਸ਼ ਅਤੇ ਸ਼ਹਿਰ ਦੀ ਪੁਲਸ, ਕੋਸਟ ਗਾਰਡ, ਖਾਸ ਕਰ ਕੇ ਆਰਮੀ ਫੋਰਸ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਅਤੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾ ਰਹੀ ਹੈ।
ਹਿਊਸਟਨ 'ਚ 'ਸੇਵਾ' ਦੇ ਪ੍ਰਧਾਨ ਗਿਤੇਸ਼ ਦੇਸਾਈ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ਵਿਚ ਸਵੈ-ਸੇਵਕਾਂ ਨੇ ਵੱਖ-ਵੱਖ ਰਾਹਤ ਅਤੇ ਮੁੜਵਸੇਬੇ ਪ੍ਰਾਜੈਕਟਾਂ ਵਿਚ 23,100 ਘੰਟੇ ਕੰਮ ਕੀਤਾ ਹੈ। ਅਸੀਂ 300,000 ਅਮਰੀਕੀ ਡਾਲਰ ਦੀ ਧਨ ਰਾਸ਼ੀ ਵੀ ਇਕੱਠੀ ਕੀਤੀ ਹੈ ਅਤੇ ਸਾਡਾ ਟੀਚਾ 10 ਲੱਖ ਡਾਲਰ ਇਕੱਠੇ ਕਰਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਯੋਜਨਾ ਘਰਾਂ ਦੀ ਮੁੜ ਉਸਾਰੀ ਦੀ ਕੋਸ਼ਿਸ਼ ਵਿਚ ਸਹਿਯੋਗ ਕਰਨ ਦੀ ਹੈ। ਇਸ ਨੂੰ ਅਮਰੀਕੀ ਸਰਕਾਰ ਦੀਆਂ ਏਜੰਸੀਆਂ ਅਤੇ ਹਿਊਸਟਨ ਵਿਚ ਕਈ ਭਾਰਤੀ-ਅਮਰੀਕੀ ਉੱਦਮੀਆਂ ਨਾਲ ਜਨਤਕ ਅਤੇ ਨਿਜੀ ਸਾਂਝੇਦਾਰੀ ਨਾਲ ਠੀਕ ਕੀਤੇ ਜਾਣ ਦੀ ਲੋੜ ਹੈ। ਦੱਸਣਯੋਗ ਹੈ ਕਿ ਅਜੇ ਇਸ ਤੂਫਾਨ ਹਾਰਵੇ ਕਾਰਨ ਪੈਦਾ ਹੋਈ ਪਰੇਸ਼ਾਨੀ ਖਤਮ ਨਹੀਂ ਹੋਈ ਸੀ ਕਿ ਹੁਣ ਤੂਫਾਨ 'ਇਰਮਾ' ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਅਮਰੀਕੀ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ।


Related News