ਅਸਤੀਫ਼ੇ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਰ ਦਿੱਤਾ ਖ਼ੁਲਾਸਾ
Thursday, Nov 14, 2024 - 10:45 AM (IST)
ਚੰਡੀਗੜ੍ਹ/ਜਲੰਧਰ (ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫ਼ੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪ ਹੀ ਆਪਣੇ ਅਸਤੀਫ਼ੇ ਦੀ ਗੱਲ ਕਬੂਲੀ ਹੈ ਤੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋਂ 1 ਵੀ ਸੀਟ ਨਾ ਮਿਲਣ ਕਾਰਨ ਉਨ੍ਹਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਸੁਨੀਲ ਜਾਖੜ ਨੇ 'ਜਗ ਬਾਣੀ' ਨਾਲ ਇੰਟਰਵਿਊ ਦੌਰਾਨ ਕਿਹਾ ਕਿ ਬੇਸ਼ੱਕ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਵੋਟ ਪ੍ਰਤੀਸ਼ਤ 6% ਤੋਂ 18% ਹੋ ਗਿਆ, ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ ’ਚ ਇਕ ਵੀ ਸੀਟ ਨਹੀਂ ਮਿਲੀ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਰਿਕੇ ਇਹ ਮੇਰੀ ਨਾਕਾਮੀ ਸੀ। ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਦਿੱਤਾ। ਮੈਂ ਹਾਈਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਨ੍ਹਾਂ ’ਤੇ ਚਰਚਾ ਵੀ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਇਹੀ ਕਾਰਨ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਚੋਣਾਂ ’ਚ ਸਰਗਰਮ ਨਹੀਂ ਹਾਂ। ਮੈਂ ਆਪਣੇ ਆਪ ’ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ।
ਜਾਖੜ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਅਸਤੀਫ਼ਾ ਦਿੱਤਾ ਤਾਂ ਮੈਨੂੰ ਪੁੱਛਿਆ ਜਾ ਰਿਹਾ ਸੀ ਕਿ ਕੀ ਤੁਸੀਂ ਕਾਂਗਰਸ ’ਚ ਜਾਓਗੇ? ਮੈਂ ਕਿਹਾ ਕਿ ਕਿਹੜੀ ਕਾਂਗਰਸ ’ਚ ਜਾਵਾਂ? ਇਹ ਉਹੀ ਕਾਂਗਰਸ ਹੈ, ਜਿੱਥੇ ਦਿੱਲੀ ਬੈਠੀ ਇਕ ਸੀਨੀਅਰ ਆਗੂ ਨੇ ਮੈਨੂੰ ਮੁੱਖ ਮੰਤਰੀ ਬਣਨ ਨਹੀਂ ਸੀ ਦਿੱਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ ਗਿਆ ਸੀ ਤਾਂ 42 ਵਿਧਾਇਕਾਂ ਨੇ ਮੇਰਾ ਸਮਰਥਨ ਕੀਤਾ ਸੀ। ਸੁਖਜਿੰਦਰ ਸਿੰਘ ਰੰਧਾਵਾ ਨੂੰ 12 ਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ ਦੋ ਵਿਧਾਇਕਾਂ ਨੇ ਸਮਰਥਨ ਦਿੱਤਾ ਸੀ ਪਰ ਮੈਨੂੰ ਹਿੰਦੂ ਹੋਣ ਕਰਕੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ। ਜਿਹੜੀ ਪਾਰਟੀ ’ਚ 50 ਸਾਲ ਰਿਹਾ, ਉਸ ਨੂੰ ਛੱਡਣਾ ਧਰਮ ਪਰਿਵਰਤਨ ਤੋਂ ਘੱਟ ਨਹੀਂ ਸੀ। ਇਹ ਕਿਸੇ ਹੋਰ ਲਈ ਸਧਾਰਨ ਗੱਲ ਹੋ ਸਕਦੀ ਹੈ ਪਰ ਮੇਰੇ ਲਈ ਬਹੁਤ ਵੱਡੀ ਗੱਲ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਦੱਸ ਦਈਏ ਕਿ ਬੀਤੇ ਲੰਮੇ ਸਮੇਂ ਤੋਂ ਸੁਨੀਲ ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਆ ਰਹੀਆਂ ਸਨ। ਇਸ ਤੋਂ ਪਹਿਲਾਂ ਸੁਨੀਲ ਜਾਖੜ ਵੱਲੋਂ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਗਿਆ ਸੀ। ਹਾਲਾਂਕਿ ਭਾਜਪਾ ਦੇ ਕਈ ਲੀਡਰਾਂ ਵੱਲੋਂ ਲਗਾਤਾਰ ਇਸ ਖ਼ਬਰ ਦਾ ਖੰਡਨ ਕੀਤਾ ਜਾ ਰਿਹਾ ਸੀ, ਪਰ ਹੁਣ ਸੁਨੀਲ ਜਾਖੜ ਨੇ ਆਪ ਹੀ ਅਸਤੀਫ਼ੇ ਦੀ ਗੱਲ ਕਬੂਲ ਲਈ ਹੈ। ਜਾਖੜ ਵੱਲੋਂ 4 ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਵੀ ਪ੍ਰਚਾਰ ਨਹੀਂ ਕੀਤਾ ਜਾ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8