ਸਹੁੰ ਚੁੱਕ ਸਮਾਗਮ ਮੌਕੇ CM ਮਾਨ ਨੇ ਸਰਪੰਚਾਂ ਲਈ ਕਰ 'ਤਾ ਵੱਡਾ ਐਲਾਨ (ਵੀਡੀਓ)
Friday, Nov 08, 2024 - 03:06 PM (IST)
ਲੁਧਿਆਣਾ (ਵੈੱਬ ਡੈਸਕ): ਅੱਜ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸਰਪੰਚ ਪਿੰਡਾਂ ਦਾ ਇਕੱਠ ਕਰ ਕੇ ਪਿੰਡ ਦੀ ਲੋੜ ਮੁਤਾਬਕ ਸੜਕਾਂ, ਸਕੂਲ, ਸੋਲਰ ਲਾਈਟਾਂ, ਲਾਇਬ੍ਰੇਰੀਆਂ ਆਦਿ ਦਾ ਮਤਾ ਪਾ ਲੈਣ, ਇਨ੍ਹਾਂ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾਉਣਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖ਼ਾਲੀ ਹੈ, ਖਜ਼ਾਨਾ ਤੁਹਾਡਾ ਹੈ ਤੇ ਖਜ਼ਾਨੇ ਦਾ ਮੂੰਹ ਵੀ ਤੁਹਾਡੇ ਵੱਲ ਰਹੇਗਾ। ਖਜ਼ਾਨੇ ਦੇ ਮਾਲਕ ਤੁਸੀਂ ਹੋ।
ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਰਪੰਚਾਂ ਨੂੰ ਇਹ ਅਪੀਲ ਕੀਤੀ ਕਿ ਜਿਹੜਾ ਪੈਸੇ ਪਿੰਡ ਦੇ ਕੰਮਾਂ ਲਈ ਆਵੇਗਾ, ਉਹ ਕੰਮ ਕੋਲ ਖੜ੍ਹੇ ਹੋ ਕੇ ਕਰਵਾਉਣ। ਜੇ ਕੋਈ ਠੇਕੇਦਾਰ ਮਾੜਾ ਸਾਮਾਨ ਵਰਤਦਾ ਹੈ ਤਾਂ ਉਸ ਦੀ ਸ਼ਿਕਾਇਤ ਸਰਕਾਰ ਨੂੰ ਕਰੋ, ਉਸ ਠੇਕੇਦਾਰ ਦਾ ਟੈਂਡਰ ਕੈਂਸਲ ਕਰ ਦਿੱਤਾ ਜਾਵੇਗਾ ਤੇ ਮੁੜ ਕੇ ਉਸ ਨੂੰ ਦੁਬਾਰਾ ਟੈਂਡਰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ, ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਇਮਾਰਤ ਟਿਕੀ ਰਹਿ ਸਕਦੀ ਹੈ। ਉਨ੍ਹਾਂ ਨੇ ਸਰਪੰਚਾਂ ਨੂੰ ਨਸ਼ੇ ਰੋਕਣ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪਿੰਡਾਂ ਨੂੰ ਹਰੇ ਭਰੇ ਬਣਾਉਣ ਲਈ ਉਪਰਾਲੇ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਸਰਪੰਚਾਂ ਨੂੰ ਕਿਹਾ ਕਿ ਸਰਪੰਚੀ ਚੋਣਾਂ ਵਿਚ ਜਿਹੜੇ ਉਮੀਦਵਾਰ ਤੁਹਾਡੇ ਵਿਰੋਧ 'ਚ ਵੀ ਲੜੇ ਸੀ, ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ, ਉਹੀ ਪਿੰਡ ਕਾਮਯਾਬ ਨੇ ਜਿਨ੍ਹਾਂ ਵਿਚ ਏਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਪੰਚ ਚੋਣਾਂ ਵੇਲੇ ਭਾਵੇਂ ਜਿਹੜੇ ਮਰਜ਼ੀ ਪਾਰਟੀ ਦੀ ਹਮਾਇਤ ਕਰਨ, ਪਰ ਬਾਕੀ ਸਮਾਂ ਉਹ ਸਿਆਸਤ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਯਤਨਸ਼ੀਲ ਰਹਿਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8