ਵੱਡੀ ਖ਼ਬਰ: ਇਮਰਾਨ ਖਾਨ ਵੱਲੋਂ ਰਾਸ਼ਟਰਪਤੀ ਨੂੰ ਪਾਕਿਸਤਾਨ ਦੀ ਸੰਸਦ ਭੰਗ ਕਰਨ ਦੀ ਸਿਫਾਰਿਸ਼

Sunday, Apr 03, 2022 - 01:36 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸੰਸਦ 'ਚ ਲਏ ਗਏ ਫ਼ੈਸਲੇ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੱਤੀ ਹੈ। ਪਾਕਿਸਤਾਨ ਦੀ ਸੰਸਦ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਹੈ। ਇਸ ਮਗਰੋਂ ਇਮਰਾਨ ਖਾਨ ਨੇ ਟੀਵੀ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਦੇਸ਼ ਦੀ ਸੰਸਦ ਭੰਗ ਕਰਨ ਅਤੇ ਮੁੜ ਚੋਣਾਂ ਕਰਾਉਣ ਲਈ ਕਿਹਾ ਹੈ। ਇਮਰਾਨ ਖਾਨ ਨੇ ਕਿਹਾ ਕਿ ਅਵਿਸ਼ਵਾਸ ਪ੍ਰਸਤਾਵ ਨੂੰ ਖਾਰਿਜ ਕਰਨ ਦਾ ਫ਼ੈਸਲਾ ਸਹੀ ਹੈ।

 

 

ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀ ਲੰਕਾ ਨੇ ਐਮਰਜੈਂਸੀ, ਕਰਫਿਊ ਲਗਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਈ ਪਾਬੰਦੀ 

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਵਿਦੇਸ਼ੀ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਬੇਭਰੋਸਗੀ ਮਤੇ ਧਾਰਾ-5 ਦਾ ਵਿਰੋਧੀ ਦਸਦਿਆਂ ਰੱਦ ਕਰ ਦਿੱਤਾ। ਸੂਰੀ ਨੇ ਕਿਹਾ ਕਿ ਕਿਸੇ ਵੀ ਦੂਜੇ ਦੇਸ਼ ਨੂੰ ਹੱਕ ਨਹੀਂ ਹੈ ਕਿ ਉਹ ਪਾਕਿਸਤਾਨ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰੇ। ਇਹ ਫ਼ੈਸਲਾ ਲੈਂਦੇ ਹੋਏ ਡਿਪਟੀ ਸਪੀਕਰ ਨੇ ਅਵਿਸਵਾਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ।ਸੰਸਦ ਦੀ ਅਗਲੀ ਬੈਠਕ 25 ਅਪ੍ਰੈਲ ਨੂੰ ਆਯੋਜਿਤ ਕੀਤੀ ਜਾਵੇਗੀ।

ਇਮਰਾਨ ਖਾਨ ਨੇ ਪਾਕਿਸਤਾਨ ਦੀ ਜਨਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਸਪੀਕਰ ਦੇ ਫ਼ੈਸਲੇ 'ਤੇ ਹਰੇਕ ਪਾਕਿਸਤਾਨੀ ਨਾਗਰਿਕ ਨੂੰ ਵਧਾਈ ਦਿੰਦਾ ਹਾਂ। ਅਵਿਸ਼ਵਾਸ ਪ੍ਰਸਤਾਵ ਸਾਡੇ ਖ਼ਿਲਾਫ਼ ਇਕ ਵਿਦੇਸ਼ੀ ਸਾਜਿਸ਼ ਸੀ। ਪਾਕਿਸਤਾਨ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਉਹਨਾਂ 'ਤੇ ਕੌਣ ਸ਼ਾਸਨ ਕਰੇ। ਕਿਸੇ ਵੀ ਵਿਦੇਸ਼ੀ ਤਾਕਤ ਨੂੰ ਇਹ ਤੈਅ ਕਰਨ ਦਾ ਹੱਕ ਨਹੀਂ ਹੈ। ਮੈਂ ਰਾਸ਼ਟਰਪਤੀ ਨੂੰ ਵਿਧਾਨ ਸਭਾ ਭੰਗ ਕਰਨ ਲਈ ਲਿਖਿਆ ਹੈ। ਲੋਕਤੰਤਰੀ ਢੰਗ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ। ਮੈਂ ਪਾਕਿਸਤਾਨ ਦੇ ਲੋਕਾਂ ਨੂੰ ਚੋਣਾਂ ਦੀ ਤਿਆਰੀ ਕਰਨ ਦੀ ਅਪੀਲ ਕਰਦਾ ਹਾਂ।

 


Vandana

Content Editor

Related News