ਇਮਰਾਨ ਖਾਨ ''ਤੇ ਲੱਗਾ ਸਰਕਾਰੀ ਹੈਲੀਕਾਪਟਰਾਂ ਦੀ ਗਲਤ ਵਰਤੋਂ ਦਾ ਦੋਸ਼
Saturday, Feb 03, 2018 - 01:31 PM (IST)

ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ) ਪਾਰਟੀ ਦੇ ਮੁਖੀ ਇਮਰਾਨ ਖਾਨ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਉਨ੍ਹਾਂ 'ਤੇ ਸਰਕਾਰੀ ਹੈਲੀਕਾਪਟਰਾਂ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲੱਗਾ ਹੈ। ਜਿਸ ਨੂੰ ਲੈ ਕੇ ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਉਨ੍ਹਾਂ 'ਤੇ ਕਾਰਵਾਈ ਕੀਤੀ ਹੈ। ਹਾਲਾਂਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰ ਰਹੀ ਹੈ।
ਇਮਰਾਨ 'ਤੇ ਕਾਰਵਾਈ ਦੇ ਹੁਕਮ—
ਨਿੱਜੀ ਯਾਤਰਾਵਾਂ ਲਈ ਸਰਕਾਰੀ ਹੈਲੀਕਾਪਟਰਾਂ ਦੀ ਗਲਤ ਵਰਤੋਂ ਕਰਨ ਲਈ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ. ਏ. ਬੀ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ) ਦੇ ਪ੍ਰਧਾਨ ਇਮਰਾਨ ਖਾਨ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਖਬਰ ਮੁਤਾਬਕ ਐਨ. ਏ. ਬੀ ਪ੍ਰਧਾਨ ਜਾਵੇਦ ਇਕਬਾਲ ਨੇ ਖੈਬਰ ਪਖਤੁਨਖਵਾ (ਕੇ. ਪੀ) ਦੇ ਡਾਇਰੈਕਟਰ ਜਨਰਲ (ਡੀ. ਜੀ.) ਨੂੰ ਪੀ. ਟੀ. ਆਈ ਮੁਖੀ ਇਮਰਾਨ ਖਾਨ ਵਿਰੁੱਧ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ (ਪੀ. ਟੀ. ਆਈ) ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਕੇ. ਪੀ ਦੇ ਮੁੱਖ ਮੰਤਰੀ ਦੇ ਅਧਿਕਾਰਤ ਹੈਲੀਕਾਪਟਰਾਂ ਦਾ ਇਸਤੇਮਾਲ ਕੀਤਾ ਹੈ। ਦੱਸਣਯੋਗ ਹੈ ਕਿ ਖੈਬਰ ਪਖਤੁਨਖਵਾ (ਕੇ. ਪੀ) ਪਾਕਿਸਤਾਨ ਦਾ ਇਕ ਸੂਬਾ ਹੈ।
2,107 ਮਿਲੀਅਨ ਰੁਪਏ ਦਾ ਆਇਆ ਖਰਚ—
ਪਾਕਿਸਤਾਨ ਦੇ ਸਿਖਰ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਮੁਤਾਬਕ, ਇਮਰਾਨ ਖਾਨ ਨੇ ਸਸਤੇ ਦਰਾਂ 'ਤੇ 74 ਘੰਟੇ ਦੀਆਂ ਨਿੱਜੀ ਯਾਤਰਾਵਾਂ ਲਈ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਕੀਤਾ। ਪ੍ਰਤੀ ਘੰਟੇ ਇਕ ਉਡਾਣ ਦਾ ਖਰਚ 28,000 ਰੁਪਏ ਸੀ। ਰਿਪੋਰਟ ਮੁਤਾਬਕ 74 ਘੰਟੇ ਦੀਆਂ ਉਡਾਣਾਂ ਵਿਚ ਕਰੀਬ 2,107 ਮਿਲੀਅਨ ਰੁਪਏ ਦਾ ਖਰਚ ਆਇਆ ਹੈ।