ਪਤਨੀ ''ਤੇ ਟਿੱਪਣੀ ਕਰਨ ਵਾਲੇ ਵਿਧਾਇਕ ਨੂੰ ਇਮਰਾਨ ਨੇ ਪਾਰਟੀ ''ਚੋਂ ਕੱਢਿਆ
Sunday, Jul 05, 2020 - 11:39 PM (IST)
ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਮਹਿਲਾ ਵਿਧਾਇਕ ਓਜ਼ਮਾ ਕਰਦਾਰ ਨੂੰ ਕਥਿਤ ਆਡੀਓ ਟੇਪ ਲੀਕ ਮਾਮਲੇ ਵਿਚ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਓਜ਼ਮਾ ਨੇ ਆਪਣੀ ਕਿਸੇ ਪੱਤਰਕਾਰ ਦੋਸਤ ਨਾਲ ਗੱਲਬਾਤ ਵਿਚ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਅਤੇ ਪਾਕਿਸਤਾਨੀ ਫੌਜ 'ਤੇ ਜਮ੍ਹ ਕੇ ਦੋਸ਼ ਲਗਾਇਆ। ਜਿਸ ਨੇ ਉਸ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਬਾਅਦ ਵਿਚ ਵਾਇਰਲ ਕਰ ਦਿੱਤਾ।
ਅਨੁਸ਼ਾਸਨ ਦੇ ਉਲੰਘਣ ਦਾ ਦੋਸ਼
ਪੀ. ਟੀ. ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰ ਓਜ਼ਮਾ ਕਰਦਾਰ ਨੂੰ ਅਨੁਸ਼ਾਸਨ ਦਾ ਉਲੰਘਣ ਕਰਨ 'ਤੇ ਪਾਰਟੀ ਤੋਂ ਬਾਹਰ ਕੱਢ ਦਿੱਤਾ। ਪਾਰਟੀ ਨੇ ਹਾਲਾਂਕਿ ਇਸ ਬਾਰੇ ਵਿਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਕਰਦਾਰ ਨੇ 2018 ਵਿਚ ਹੋਈਆਂ ਚੋਣਾਂ ਵਿਚ ਔਰਤਾਂ ਲਈ ਰਾਖਵੀਂ ਸੀਟ ਪੀ. ਟੀ. ਆਈ. ਉਮੀਦਵਾਰ ਦੇ ਤੌਰ 'ਤੇ ਜਿੱਤੀ ਸੀ। ਉਹ ਪੰਜਾਬ ਸੂਬੇ ਦੇ ਸਭ ਤੋਂ ਸਰਗਰਮ ਨੇਤਾਵਾਂ ਵਿਚੋਂ ਇਕ ਹੈ।
ਇਮਰਾਨ ਦਾ ਚਿਹਰਾ ਪੜ੍ਹ ਲੈਂਦੀ ਹੈ ਬੁਸ਼ਰਾ
ਓਜ਼ਮਾ ਨੇ ਇਸ ਵਿਚ ਕਿਹਾ ਸੀ ਕਿ ਪਾਕਿਸਤਾਨ ਨੂੰ ਪੀ. ਐਮ. ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਚਲਾ ਰਹੀ ਹੈ ਅਤੇ ਉਹ ਆਪਣੀ ਪਤਨੀ ਤੋਂ ਬਿਨਾਂ ਪੁੱਛੇ ਕੋਈ ਕੰਮ ਨਹੀਂ ਕਰ ਸਕਦੇ। ਉਹ ਇਮਰਾਨ ਖਾਨ ਦਾ ਚਿਹਰਾ ਪੜ੍ਹ ਲੈਂਦੀ ਹੈ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਮਰਾਨ ਦਾ ਅੱਜ ਦਾ ਦਿਨ ਕਿਵੇਂ ਲੰਘਿਆ।
ਬਿਨਾਂ ਪੁੱਛੇ ਕੋਈ ਵੀ ਘਰ ਵਿਚ ਨਹੀਂ ਹੋ ਸਕਦਾ ਦਾਖਲ
ਓਜ਼ਮਾ ਇਸ ਗੱਲਬਾਤ ਦੌਰਾਨ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਇਮਰਾਨ ਨੂੰ ਬੁਸ਼ਰਾ ਹੀ ਚਲਾ ਰਹੀ ਹੈ। ਬੁਸ਼ਰਾ ਨੇ ਘਰ ਵਿਚ ਇਕ ਲਾਈਨ ਖਿੱਚ ਦਿੱਤੀ ਹੈ ਉਸ ਦੇ ਅੱਗੇ ਕੋਈ ਵੀ ਨਹੀਂ ਜਾ ਸਕਦਾ। ਪਹਿਲਾਂ ਤਾਂ ਅਸੀਂ ਲੋਕ ਆਰਾਮ ਨਾਲ ਇਮਰਾਨ ਦੇ ਘਰ ਚਲੇ ਜਾਂਦੇ ਸੀ ਪਰ ਬੁਸ਼ਰਾ ਦੇ ਆਉਣ ਤੋਂ ਬਾਅਦ ਬਾਕੀਆਂ ਨੂੰ ਛਡੋ ਸ਼ਾਹ ਮਹਿਮੂਦ ਕੁਰੈਸ਼ੀ ਵੀ ਅੰਦਰ ਨਹੀਂ ਜਾ ਸਕਦੇ।
ਸਰਕਾਰ ਚਲਾ ਰਹੀ ਹੈ ਪਾਕਿ ਫੌਜ
ਇਸ ਗੱਲਬਾਤ ਦੌਰਾਨ ਓਜ਼ਮਾ ਨੇ ਪਾਕਿਸਤਾਨੀ ਫੌਜ ਨੂੰ ਲੈ ਕੇ ਵੀ ਕਾਫੀ ਕੁਝ ਕਿਹਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਕੰਮ ਵਿਚ ਫੌਜ ਦਾ ਪੂਰਾ ਦਖਲ ਹੁੰਦਾ ਹੈ ਅਤੇ ਇਸ ਗਲਤ ਕੀ ਹੈ। ਪਾਕਿਸਤਾਨ ਵਿਚ ਇਹ ਹਮੇਸ਼ਾ ਤੋਂ ਹੋਇਆ ਹੈ। ਇਥੇ ਫੌਜ ਦੇ ਬਿਨਾਂ ਕੋਈ ਸਰਕਾਰ ਚੱਲ ਹੀ ਨਹੀਂ ਸਕਦੀ ਹੈ। ਦੱਸ ਦਈਏ ਕਿ ਉਨ੍ਹਾਂ ਨੇ ਇਸ ਗੱਲਬਾਤ ਵਿਚ ਫੌਜ ਨੂੰ ਐਸਟੇਬਿਲੀਸ਼ਮੈਂਟ ਦੇ ਨਾਂ ਨਾਲ ਸਬੰਧਿਤ ਕੀਤਾ ਹੈ।