ਇਮੀਗ੍ਰੇਸ਼ਨ ਸਪਾਂਸਰਸ਼ਿਪ ਫਾਰਮ ਭਰਨ ਲਈ ਬਿਨੈਕਾਰਾਂ ਨੂੰ ਮਿਲੇ ਸਿਰਫ਼ 10 ਮਿੰਟ

02/04/2019 1:22:33 AM

ਔਟਵਾ : ਕੈਨੇਡਾ ਵਿਚ ਆਪਣੇ ਮਾਪਿਆਂ ਤੇ ਦਾਦਕਿਆਂ ਨੂੰ ਸੱਦਣ ਲਈ ਸਪਾਂਸਰ ਕਰਨ ਵਾਸਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵਾਂ ਫਾਰਮ ਇਸ ਵਾਰ ਸਿਰਫ 10 ਮਿੰਟ ਲਈ ਹੀ ਉਪਲਬੱਧ ਕਰਵਾਇਆ। ਜਿਸ ਤੋਂ ਬਾਅਦ ਸਥਾਨਕ ਵਾਸੀਆਂ ਅੰਦਰ ਸਰਕਾਰ ਦੇ ਪ੍ਰਤੀ ਕਾਫੀ ਨਾਰਜ਼ਗੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2016 ਤੋਂ ਚੱਲੇ ਆ ਰਹੇ ਸਪਾਂਸਰ ਲਾਟਰੀ ਸਿਸਟਮ ਨੂੰ ਲੰਬਾ ਸਮਾਂ ਪਹਿਲਾਂ ਬੰਦ ਕਰ ਦਿੱਤਾ  ਗਿਆ ਸੀ।

ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਵਲੋਂ ਬਿਨੈਕਾਰਾਂ ਨੂੰ ਕਈ ਪੇਜ਼ਾਂ ਦਾ ਲੰਬਾ ਫਾਰਮ ਭਰ ਲਈ ਲੋੜੀਂਦਾ ਸਮਾਂ ਵੀ ਨਹੀਂ ਮਿਲ ਸਕਿਆ। 10 ਮਿੰਟਾਂ ਦੇ ਅੰਦਰ-ਅੰਦਰ ਇਹ ਫਾਰਮ ਪ੍ਰਾਪਤ ਕਰਕੇ ਮੁੜ ਜਮਾਂ ਕਰਵਾਇਆ ਜਾਣਾ ਸੀ। ਜਿਸ ਕਾਰਨ ਜ਼ਿਆਦਾਤਰ ਬਿਨੈਕਾਰਾਂ ਨੇ ਜਦੋਂ ਇਹ ਫਾਰਮ ਭਰਿਆ ਤਾਂ ਉਦੋਂ ਤੱਕ ਇਹ ਫਾਰਮ ਭਰਨ ਦੀ ਪ੍ਰਕਿਰਿਆ ਸਮਾਪਤ ਹੋ ਚੁੱਕੀ ਸੀ। ਉਥੇ ਹੀ ਕਈ ਬਿਨੈਕਾਰਾਂ ਨੇ ਇਸ ਮਹਿਕਮੇ ਖਿਲਾਫ਼ ਰੱਜ ਕੇ ਭੜਾਸ ਕੱਢੀ। ਬਿਨੈਕਾਰਾਂ ਨੇ ਕਿਹਾ ਕਿ ਇਹ ਫਾਰਮ ਭਰਵਾਇਆ ਜਾ ਰਿਹਾ ਸੀ ਜਾਂ ਕੋਈ ਟਾਇਪਿੰਗ ਟੈਸਟ ਲਿਆ ਜਾ ਰਿਹਾ ਸੀ ? ਉਨ੍ਹਾਂ ਕਿਹਾ ਕਿ ਕੋਈ ਅਪਾਹਜ਼ ਜਾਂ ਤਕਨੀਕੀ ਖਰਾਬੀ ਕਾਰਨ ਬਿਨੈਕਾਰ ਇਨੇ ਘੱਟ ਸਮੇਂ ‘ਚ ਇਹ ਫਾਰਮ ਕਿਵੇਂ ਭਰ ਸਕਦਾ ਹੈ? ਇਸ ਮੌਕੇ ਹਜ਼ਾਰਾਂ ਤੋਂ ਵੱਧ ਲੋਕਾਂ ਨੇ ਸਰਕਾਰ ਦੀ ਇਸ ਨੀਤੀ ਨੂੰ ਕੋਝਾ ਮਜ਼ਾਕ ਦੱਸਿਆ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਪਾਸੇ ਤੁਰੰਤ ਧਿਆਨ ਦੇ ਕੇ ਇਸ ਪ੍ਰਕਿਰਿਆ ਨੂੰ ਮੁੜ ਸੁਧਾਰੇ ਤਾਂ ਜੋ ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਭੇਜਣ ਦੇ ਚਾਹਵਾਨਾਂ ਨੂੰ ਇਸ ਤਰ੍ਹਾਂ ਨਾਲ ਖਜ਼ਲ ਨਾ ਹੋਣਾ ਪਵੇ।


Related News