ਪੰਜਾਬ ''ਚ ਆਏ ਹੜ੍ਹ ਕਾਰਨ ਪ੍ਰਵਾਸੀ ਚਿਹਰੇ ਵੀ ਮਾਯੂਸ, ਅੰਮ੍ਰਿਤਸਰ ਦੀ DC ਤੇ SSP ਦੀ ਹੋ ਰਹੀ ਸਲਾਘਾ
Saturday, Aug 30, 2025 - 09:54 PM (IST)

ਵੈਨਕੂਵਰ (ਮਲਕੀਤ ਸਿੰਘ) – ਪੰਜਾਬ ’ਚ ਹੜ੍ਹਾਂ ਰੂਪੀ ਆਈ ਕੁਦਰਤੀ ਕਰੋਪੀ ਦੇ ਦੈਂਤ ਦੀ ਅਣਕਿਆਸੀ ਆਮਦ ਦਾ ਸ਼ਿਕਾਰ ਹੋਏ ਦਰਿਆਈ ਖੇਤਰਾਂ ਦੇ ਨੇੜੇ ਵੱਸਦੇ ਹਜ਼ਾਰਾਂ ਪਰਿਵਾਰਾਂ ਦੀ ਮਾਨਸਿਕ ਪੀੜਾ ਵੰਡਾਉਣ ਦੀ ਕਸਕ ਕਾਰਨ ਦੁਨੀਆ ਦੀ ਹਰੇਕ ਨੁੱਕਰੇ ਵੱਸਦੇ ਪੰਜਾਬੀਆਂ ਦੇ ਧੁਰ ਅੰਦਰੋਂ ਚੀਸ ਰੂਪੀ ‘ਲਾਵਾ’ ਫੁੱਟਣਾ ਸੁਭਾਵਕ ਹੈ।
ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੀਆਂ ਪਾਰਕਾਂ ’ਚ ਦਿਨ ਢਲੇ ਸੱਥਾਂ ਰੂਪੀ ਜੁੜਦੀਆਂ ਬਜ਼ੁਰਗਾਂ ਦੀਆਂ ਟੋਲੀਆਂ ’ਚ ਚੱਲਦੀ ‘ਚੁੰਝ ਚਰਚਾ’ ਦੀ ਮੁੱਖ ਸੂਈ ਹੜ੍ਹਾਂ ਦੀ ਤਬਾਹੀ ਦੇ ਦੁਆਲੇ ਘੁੰਮਦੀ ਮਹਿਸੂਸ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਬਹੁਗਿਣਤੀ ਪ੍ਰਵਾਸੀ ਚਿਹਰਿਆਂ ’ਤੇ ਮਾਯੂਸੀ ਦਾ ਆਲਮ ਸਾਫ ਝਲਕਦਾ ਵੇਖਿਆ ਜਾ ਸਕਦਾ ਹੈ।
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਸੱਪ ਦੀ ਚਾਲ ਵਾਂਗ ਵਲੇਵੇ ਖਾਂਦੇ ਰਾਵੀ ਦਰਿਆ ਦੇ ਬੇਕਾਬੂ ਹੋਏ ਛੂਕਦੇ ਪਾਣੀਆਂ ਦੇ ਉਬਾਲ ’ਚ ਘਿਰੇ ਬੇਵਸ ਲੋਕਾਂ ਦੀ ਮਦਦ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਆਪਣੀ ਟੀਮ ਨਾਲ ਜੁਟੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐੱਸ. ਐੱਸ. ਪੀ. ਮਨਿੰਦਰ ਸਿੰਘ ਵੱਲੋਂ ਆਪਣੇ ਸਰਕਾਰੀ ਰੁਤਬੇ ਦੀ ਠਾਠ-ਬਾਠ ਛੱਡ ਕੇ ਵਰ੍ਹਦੇ ਮੀਂਹ ਅਤੇ ਬਦਬੂਦਾਰ ਪਾਣੀ ’ਚ ਆਮ ਲੋਕਾਂ ਨਾਲ ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਡੂੰਘੇ ਪਾਣੀਆਂ ’ਚ ਘਿਰੇ ਲੋਕਾਂ ਦੀ ਸਾਰ ਲੈਣ ਲਈ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਜ਼ਿਕਰ ਵਿਦੇਸ਼ੀ ਬਾਪੂਆਂ ਦੀ ਖੁੰਢ ਚਰਚਾ ’ਚ ਸੁਣਨ ਨੂੰ ਮਿਲਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਆਂ ਅਜਿਹੀਆਂ ਕੁਦਰਤੀ ਆਫਤਾਂ ਮਗਰੋਂ ਕੁਝ ਕੁ ਅਧਿਕਾਰੀਆਂ ਵੱਲੋਂ ਉੱਪਰੋਂ ਆਏ ਆਰਡਰਾਂ ਨੂੰ ਹੇਠਾਂ ‘ਫਾਰਵਰਡ’ ਕਰਨ ਤਕ ਨਿਭਾਈ ਜਾਂਦੀ ਸੀਮਤ ਜ਼ਿੰਮੇਵਾਰੀ ਵਾਲਾ ਵਰਤਾਰਾ ਕਿਸੇ ਤੋਂ ਲੁਕਿਆ ਨਹੀਂ।