ਪੰਜਾਬ ਦੀ ਸਿਆਸਤ ਫਿਰ ਭਖੀ, TV ਇੰਟਰਵਿਊ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਇਆ ਮੁਸ਼ਕਲ ''ਚ!
Monday, Apr 14, 2025 - 02:15 PM (IST)

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ ਇਕ ਵਾਰ ਫਿਰ ਭਖ ਗਈ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਟੀ. ਵੀ. ਇੰਟਰਵਿਊ ਦੇਣ ਦੇ ਨਤੀਜੇ ਵਜੋਂ ਸਾਈਬਰ ਕ੍ਰਾਈਮ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ ਸਥਿਤ ਸਟੇਟ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨੇ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਦਿਆਂ ਉਨ੍ਹਾਂ ਨੂੰ ਅੱਜ ਦੁਪਿਹਰ 12 ਵਜੇ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਉਹ ਹਾਜ਼ਰ ਨਹੀਂ ਹੋ ਸਕੇ। ਇਹ ਸਾਰਾ ਮਾਮਲਾ ਸਿਆਸੀ ਹਲਕਿਆਂ 'ਚ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪ੍ਰਤਾਪ ਸਿੰਘ ਬਾਜਵਾ 'ਤੇ ਨਵੀਂ ਭਾਰਤੀ ਫ਼ੌਜਦਾਰੀ ਸੰਹਿਤਾ (BNS) ਦੀ ਧਾਰਾ 197(1)(D) ਅਤੇ 353(2) ਤਹਿਤ ਮਾਮਲਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਅਹਿਮ ਗੱਲ! ਹੁਣ ਪੁੱਛਿਆ ਜਾਵੇਗਾ ਕਾਰਨ
ਇਹ ਕਾਰਵਾਈ ਉਨ੍ਹਾਂ ਦੇ ਟੀ. ਵੀ. ਇੰਟਰਵਿਊ 'ਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕੀਤੀ ਗਈ ਹੈ। ਪੁਲਸ ਨੇ ਉਨ੍ਹਾਂ ਨੂੰ ਘਰ ਸੰਮਨ ਭੇਜਿਆ ਸੀ, ਪਰ ਉਹ ਉਸ ਵੇਲੇ ਉੱਥੇ ਮੌਜੂਦ ਨਹੀਂ ਸਨ। ਬਾਜਵਾ ਦੇ ਵਕੀਲ ਅੱਜ ਮੋਹਾਲੀ ਸਾਈਬਰ ਸੈਲ ਦਫ਼ਤਰ ਪਹੁੰਚੇ ਅਤੇ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬਾਜਵਾ ਅੱਜ ਪੇਸ਼ ਨਹੀਂ ਹੋ ਸਕਦੇ, ਇਸ ਲਈ ਇਕ ਦਿਨ ਦਾ ਵਾਧੂ ਸਮਾਂ ਦਿੱਤਾ ਜਾਵੇ। ਪੁਲਸ ਨੇ ਵੀ ਇਹ ਮੰਗ ਮੰਨ ਲਈ। ਵਕੀਲਾਂ ਨੇ ਇਹ ਵੀ ਸਾਫ਼ ਕੀਤਾ ਕਿ ਹਾਲੇ ਤੱਕ ਜ਼ਮਾਨਤ ਦੀ ਅਰਜ਼ੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਰੇਲਵੇ ਦਾ ਸਫ਼ਰ ਕਰਨ ਵਾਲਿਆਂ ਨੂੰ ਗਰਮੀਆਂ ਦਾ ਤੋਹਫ਼ਾ, ਧਿਆਨ ਦੇਣ ਯਾਤਰੀ
ਕਈ ਸੀਨੀਅਰ ਆਗੂ ਬਾਜਵਾ ਦੇ ਹੱਕ 'ਚ ਖੜ੍ਹੇ ਹੋਏ
ਮਾਮਲੇ ਦੇ ਸਾਹਮਣੇ ਆਉਂਦੇ ਹੀ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ, ਵਿਧਾਇਕ ਅਤੇ ਸੰਸਦ ਮੈਂਬਰ ਬਾਜਵਾ ਦੇ ਹੱਕ 'ਚ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਇਸ ਕਾਰਵਾਈ ਨੂੰ ਤਾਣ-ਪਰੇਸ਼ਾਨੀ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੀਤਾ ਕਦਮ ਦੱਸਿਆ ਹੈ। ਸਾਬਕਾ ਡਿਪਟੀ ਸੀ. ਐਮ. ਅਤੇ ਗੁਰਦਾਸਪੁਰ ਤੋਂ ਐੱਮ. ਪੀ. ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਪੁੱਛਿਆ ਕਿ ਜੇਕਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਤੋਂ ਲਾਈਵ ਇੰਟਰਵਿਊ ਹੋ ਸਕਦਾ ਹੈ, ਤਾਂ ਕੀ ਉਸ ਚੈਨਲ ਦੇ ਐਂਕਰ ਜਾਂ ਪ੍ਰਬੰਧਨ ਤੋਂ ਵੀ ਪੁੱਛਗਿੱਛ ਕੀਤੀ ਗਈ? ਉਨ੍ਹਾਂ ਦੇ ਸਵਾਲ ਸਿੱਧੇ ਤੌਰ 'ਤੇ ਦੋਹਰੇ ਮਾਪਦੰਡਾਂ ਵੱਲ ਇਸ਼ਾਰਾ ਕਰਦੇ ਹਨ। ਪੰਜਾਬ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਰਾਜਨੀਤੀ 'ਚ ਨਵੀਂ ਚਿੰਗਾਰੀ ਭੜਕਾ ਦਿੱਤੀ ਹੈ। ਚੋਣ ਹਲਚਲਾਂ ਦੇ ਵਿਚਕਾਰ ਵਿਰੋਧੀ ਧਿਰ ਦੇ ਨੇਤਾ ਨੂੰ ਨਿਸ਼ਾਨਾ ਬਣਾਉਣਾ ਸਿਆਸੀ ਮੰਚਾਂ 'ਤੇ ਵੱਡਾ ਮਸਲਾ ਬਣ ਰਿਹਾ ਹੈ। ਕਾਂਗਰਸ ਇਸ ਨੂੰ ਲੋਕਤੰਤਰ 'ਤੇ ਹਮਲਾ ਦੱਸ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਰੋਸ ਪ੍ਰਦਰਸ਼ਨਾਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8