ਕਣਕ ਦੀ ਖੜ੍ਹੀ ਫ਼ਸਲ BSF ਲਈ ਵੱਡੀ ਚੁਣੌਤੀ, ਸਮੱਗਲਰਾਂ ਦੀਆਂ ਵਧੀਆਂ ਗਤੀਵਿਧੀਆਂ
Tuesday, Apr 15, 2025 - 12:48 PM (IST)

ਅੰਮ੍ਰਿਤਸਰ (ਨੀਰਜ)-ਪੂਰੇ ਜ਼ਿਲ੍ਹੇ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ’ਚ ਕਣਕ ਦੀ ਫ਼ਸਲ ਖੜ੍ਹੀ ਹੈ ਅਤੇ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਕਣਕ ਦੀ ਫ਼ਸਲ ਦੀ ਕਟਾਈ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਇਸ ਫ਼ਸਲ ਦੀ ਸਹੀ ਢੰਗ ਨਾਲ ਕਟਾਈ ਕਰਨਾ ਅਤੇ ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣਾ ਜ਼ਿਲ੍ਹਾ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਹੈ, ਉਥੇ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਣਕ ਦੀ ਫ਼ਸਲ ਬੀ. ਐੱਸ. ਐੱਫ. ਲਈ ਇਕ ਵੱਡੀ ਚੁਣੌਤੀ ਹੈ ਕਿਉਂਕਿ ਖੜ੍ਹੀ ਫ਼ਸਲ ਦੀ ਆੜ ਹੇਠ ਭਾਰਤ ਅਤੇ ਪਾਕਿਸਤਾਨ ਦੇ ਸਮੱਗਲਰ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੰਦੇ ਹਨ ਅਤੇ ਸਮੱਗਲਿੰਗ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖੜ੍ਹੀ ਫਸਲ ਵਿਕਾਰ ਡਰੋਨ ਨਾਲ ਕਿਸੇ ਵੀ ਲੋਕੇਸ਼ਨ ’ਤੇ ਹੈਰੋਇਨ ਅਤੇ ਹਥਿਆਰ ਆਦਿ ਸਪਲਾਈ ਕਰਨਾ ਆਸਾਨ ਹੁੰਦਾ ਹੈ। ਹਾਲਾਂਕਿ 8 ਤੋਂ 10 ਸਾਲ ਪਹਿਲਾਂ ਜਦੋਂ ਡਰੋਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਅਤੇ ਰਵਾਇਤੀ ਤਰੀਕੇ ਨਾਲ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਹੁੰਦੀ ਸੀ ਤਾਂ ਖੜ੍ਹੀ ਫਸਲ ਵਿਚ ਗਤੀਵਿਧੀਆਂ ਕਾਫੀ ਤੇਜ਼ ਹੋ ਜਾਂਦੀ ਸੀ ਪਰ ਮੰਨਿਆ ਜਾਂਦਾ ਹੈ ਕਿ ਡਰੋਨ ਦੇ ਮਾਮਲੇ ਵਿਚ ਵੀ ਸਮੱਗਲਰਾਂ ਲਈ ਲੁੱਕਣਾ ਆਸਾਨ ਰਹਿੰਦਾ ਹੈ।
ਪਿਛਲੇ ਇਕ ਹਫ਼ਤੇ ਤੋਂ ਧਨੋਆ ਕਲਾਂ ਅਤੇ ਰਤਨ ਖੁਰਦ ’ਚ ਮੂਵਮੈਂਟ ਤੇਜ਼
ਬੀ. ਐੱਸ. ਐੱਫ. ਵੱਲੋਂ ਪਿਛਲੇ ਇਕ ਹਫਤੇ ਦੌਰਾਨ ਰਤਨ ਖੁਰਦ ਅਤੇ ਧਨੋਆ ਕਲਾਂ ਪਿੰਡ ਵਿਚ ਡਰੋਨ ਅਤੇ ਹਥਿਆਰ ਫੜੇ ਜਾ ਚੁੱਕੇ ਹਨ। ਇਹ ਦੋਵੇਂ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਉਨ੍ਹਾਂ ਸਰਹੱਦੀ ਪਿੰਡਾਂ ਦੀ ਸੂਚੀ ਵਿਚ ਸ਼ਾਮਲ ਹੈ, ਜਿੱਥੇ ਡਰੋਨ ਅਤੇ ਹੈਰੋਇਨ ਦੀ ਲਗਾਤਾਰ ਰਿਕਵਰੀ ਹੁੰਦੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਇਨ੍ਹਾਂ ਇਲਾਕਿਆਂ ਵਿਚ ਸਰਗਰਮ ਸਮੱਗਲਰ ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਹਨ ਅਤੇ ਨਾ ਹੀ ਟ੍ਰੇਸ ਹੋ ਰਹੇ ਹਨ, ਜਿਸ ਕਾਰਨ ਆਏ ਦਿਨ ਡਰੋਨ ਦੀ ਮੂਵਮੈਂਟ ਇਨ੍ਹਾਂ ਪਿੰਡਾਂ ਵਿਚ ਦੇਖੀ ਜਾਂਦੀ ਹੈ।
ਸਮੱਗਲਿੰਗ ਕਰਨ ਲਈ ਕੁਝ ਲੋਕਾਂ ਨੇ ਲੀਜ਼ ’ਤੇ ਲੈ ਰੱਖੇ ਹਨ ਖੇਤ
ਸਰਹੱਦੀ ਪਿੰਡਾਂ ਵਿਚ ਸਰਹੱਦੀ ਕੰਡਿਆਲੀ ਦੇ ਬਿਲਕੁਲ ਨਜ਼ਦੀਕ ਵਾਲੇ ਇਲਾਕਿਆਂ ਵਿਚ ਕੁਝ ਕਿਸਾਨਵੇਸ਼ੀ ਸਮੱਗਲਰਾਂ ਨੇ ਤਾਂ ਲੀਜ਼ ’ਤੇ ਖੇਤੀਬਾੜੀ ਕਰਨ ਲਈ ਜ਼ਮੀਨ ਠੇਕੇ ’ਤੇ ਲੈ ਰੱਖੀ ਹੈ। ਪੁਲਸ ਅਤੇ ਐੱਲ. ਸੀ. ਬੀ. ਦੀ ਬਹੁਤ ਸਾਰੇ ਕੇਸਾਂ ਵਿਚ ਇਸ ਸੂਚਨਾ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਸਮੱਗਲਰ ਤਾਂ ਐੱਨ. ਸੀ. ਬੀ. ਦੇ ਕੇਸਾਂ ਵਿਚ ਭਗੌੜੇ ਚੱਲ ਰਹੇ ਹਨ ਅਤੇ ਲੀਜ਼ ’ਤੇ ਖੇਤੀਬਾੜੀ ਦੀ ਜ਼ਮੀਨ ਦੀ ਆੜ ਵਿਚ ਸਮੱਗਲਿੰਗ ਕਰਦੇ ਹੋਏ ਫੜੇ ਜਾ ਚੁੱਕੇ ਹਨ ਜਾਂ ਫਿਰ ਸ਼ੱਕ ਦੇ ਘੇਰੇ ਵਿਚ ਹਨ।
ਪਹਿਲੀ ਵਾਰ ਸਰਹੱਦ ’ਤੇ ਅੱਤਵਾਦੀਆਂ ਨੇ ਲਾਈ ਆਈ. ਈ. ਡੀ.
ਹਾਲ ਹੀ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਖਿਲਾਫ ਪੈਦਲ ਯਾਤਰਾ ’ਚ ਲਗਾਤਾਰ ਪੰਜ ਦਿਨ ਤੱਕ ਅੰਮ੍ਰਿਤਸਰ ਸਮੇਤ ਹੋਰ ਸਰਹੱਦੀ ਜ਼ਿਲ੍ਹਿਆਂ ਵਿਚ ਯਾਤਰਾ ਕੱਢੀ ਗਈ ਪਰ ਇਸ ਫੇਰੀ ਦੇ ਖਤਮ ਹੋਣ ਤੋਂ ਬਾਅਦ ਬੀ. ਐੱਸ. ਐੱਫ. ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਅੱਤਵਾਦੀਆਂ ਨੇ ਬਟਾਲਾ ਜ਼ਿਲ੍ਹੇ ਦੇ ਸਟੇ ਕੰਡਿਆਲੀ ਤਾਰ ਦੇ ਨੇੜੇ ਚਾਰ ਆਈ. ਈ. ਡੀ. ਲਾ ਦਿੱਤੀ, ਜਿਸ ਨੂੰ ਸਰਚ ਕਰਦੇ ਹੋਏ ਇਕ ਜਵਾਨ ਦਾ ਪੈਰ ਤੱਕ ਉੱਡ ਗਿਆ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਰਹਿੰਦੇ ਇਹ ਆਈ. ਈ. ਡੀ. ਨਾ ਫੜੀ ਜਾਂਦੀ ਤਾਂ ਅੱਤਵਾਦੀ ਇਕ ਵੱਡਾ ਧਮਾਕਾ ਕਰ ਸਕਦੇ ਸਨ, ਜਿਸ ਨਾਲ ਬੀ. ਐੱਸ. ਐੱਫ. ਦੀ ਪੈਟ੍ਰੋਲਿੰਗ ਪਾਰਟੀ ਜਾਂ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਭਾਰੀ ਜਾਨੀ ਨੁਕਸਾਨ ਹੋਣਾ ਤੈਅ ਸੀ।
ਡੀ. ਆਰ. ਆਈ. ਇੰਸਪੈਕਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ’ਤੇ
ਬੀ. ਐੱਸ. ਐੱਫ., ਕਸਟਮ, ਪੰਜਾਬ ਪੁਲਸ ਅਤੇ ਹੁਣ ਡੀ. ਆਰ. ਆਈ ਵਰਗੇ ਏਜੰਸੀ ਦੇ ਇੰਸਪੈਕਟਰ ਦੀ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਗ੍ਰਿਫਤਾਰੀ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ’ਤੇ ਹੈ। ਕਿਵੇ ਇਨ੍ਹਾਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਮੱਗਲਰ ਆਪਣੇ ਜਾਲ ਵਿਚ ਫਸਾਉਂਦੇ ਹਨ। ਇਹ ਸੁਰੱਖਿਆ ਏਜੰਸੀਆਂ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਫਿਲਹਾਲ ਜਿਸ ਤਰ੍ਹਾਂ ਨਾਲ ਆਏ ਦਿਨ ਸਰਹੱਦ ’ਤੇ ਡਰੋਨ ਦੀ ਮੂਵਮੈਂਟ ਹੋ ਰਹੀ ਹੈ। ਇਸ ਦੇ ਪਿੱਛੇ ਕਿਸੇ ਸੁਰੱਖਿਆ ਏਜੰਸੀ ਦਾ ਅਧਿਕਾਰੀ ਸ਼ਾਮਲ ਤਾਂ ਨਹੀਂ ਇਹ ਵੀ ਇਕ ਵੱਡਾ ਸਵਾਲ ਹੈ।